ਨੈਸ਼ਨਲ ਟਾਈਮਜ਼ ਬਿਊਰੋ :- ਦੇਸ਼ ਭਰ ’ਚ ਬਣ ਰਹੀਆਂ 103 ਦਵਾਈਆਂ ਗੁਣਵੱਤਾ ਦੇ ਮਾਪਦੰਡਾਂ ’ਤੇ ਖਰੀਆਂ ਨਹੀਂ ਉਤਰੀਆਂ। ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਅਤੇ ਸਟੇਟ ਡਰੱਗ ਅਥਾਰਟੀ ਨੇ ਇਸ ਮਾਮਲੇ ਵਿੱਚ ਡਰੱਗ ਅਲਰਟ ਜਾਰੀ ਕੀਤਾ ਹੈ। ਫੇਲ੍ਹ ਹੋਈਆਂ ਦਵਾਈਆਂ ’ਚ ਠੰਡ, ਖੰਘ, ਜੁਕਾਮ, ਐਲਰਜੀ, ਦਿਲ ਦੀ ਬਿਮਾਰੀ ਤੇ ਦਰਦ ਦੀਆਂ ਦਵਾਈਆਂ ਸ਼ਾਮਲ ਹਨ। ਵਿਟਾਮਿਨ, ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ, ਗੈਸ ਅਤੇ ਐਂਟੀਬਾਇਓਟਿਕ ਦਵਾਈਆਂ ਵੀ ਨੁਸਦਾਰ ਪਾਈ ਗਈਆਂ ਹਨ।
ਹਿਮਾਚਲ ਦੇ 38 ਨਮੂਨੇ ਮਿਆਰ ’ਤੇ ਖਰੇ ਨਹੀਂ ਉਤਰੇ। ਟੈਲਮਾ ਐੱਚ 40 ਐਮਜੀ (ਬਲੱਡ ਪ੍ਰੈਸ਼ਰ ਕੰਟਰੋਲ) ਨਕਲੀ ਪਾਈ ਗਈ। ਫਿਲੌਰ (ਪੰਜਾਬ) ’ਚ ਬਣੀ ਐਜ਼ੀਥਰੋਮਾਈਸਿਨ (ਐਂਟੀਬਾਇਓਟਿਕ) ਵੀ ਗਲਤ ਪਾਈ ਗਈ। CDSCO ਦੀ ਜਾਂਚ ਵਿੱਚ ਹਿਮਾਚਲ ਤੋਂ 21, ਉਤਰਾਖੰਡ ਤੋਂ 10, ਗੁਜਰਾਤ ਤੋਂ 7, ਮੱਧ ਪ੍ਰਦੇਸ਼ ਤੋਂ 1, ਪੰਜਾਬ ਤੋਂ 2, ਕਰਨਾਟਕ ਤੋਂ 1, ਬੰਗਾਲ ਤੋਂ 2, ਉੱਤਰ ਪ੍ਰਦੇਸ਼ ਤੇ ਤੇਲੰਗਾਨਾ ਤੋਂ 1-1 ਦਵਾਈਆਂ ਫੇਲ੍ਹ ਹੋਈਆਂ ਹਨ। ਸਟੇਟ ਡਰੱਗ ਅਲਰਟ ਵਿੱਚ ਹਿਮਾਚਲ ਤੋਂ 17, ਪੰਜਾਬ ਅਤੇ ਕੇਰਲ ਤੋਂ 7-7, ਮੱਧ ਪ੍ਰਦੇਸ਼ ਤੋਂ 6, ਪੁਡੂਚੇਰੀ ਅਤੇ ਤਾਮਿਲਨਾਡੂ ਤੋਂ 4-4, ਤੇਲੰਗਾਨਾ ਤੋਂ 3, ਗੁਜਰਾਤ ਤੋਂ 2, ਹਰਿਆਣਾ, ਮਹਾਰਾਸ਼ਟਰ, ਉਤਰਾਖੰਡ, ਅਸਾਮ, ਬੰਗਾਲ ਅਤੇ ਕਰਨਾਟਕ ਤੋਂ 1-1 ਦਵਾਈਆਂ ਦੀ ਗੁਣਵੱਤਾ ਘਟੀਆ ਪਾਈ ਗਈ।
56 ਦਵਾਈਆਂ ’ਚ ਧੂੜ ਦੇ ਕਣ ਮਿਲੇ ਹਨ। ਪੈਰਾਸੀਟਾਮੋਲ, ਅਮੋਕਸੀਸਿਲਿਨ, ਐਲਬੈਂਡਾਜੋਲ, ਲੇਵੋਸੇਟੀਰੀਜ਼ੀਨ, ਕੈਲਸ਼ੀਅਮ, ਵਿਟਾਮਿਨ D3, ਫੋਲਿਕ ਐਸਿਡ ਵਰਗੀਆਂ ਆਮ ਵਰਤੋਂ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਡਰੱਗ ਕੰਟਰੋਲਰ ਮਨੀਸ਼ ਕਪੂਰ ਨੇ ਕਿਹਾ ਕਿ ਵਿਭਾਗ ਉਨ੍ਹਾਂ ਕੰਪਨੀਆਂ ਵਿਰੁੱਧ ਕਾਰਵਾਈ ਕਰੇਗਾ, ਜਿਨ੍ਹਾਂ ਦੇ ਨਮੂਨੇ ਫੇਲ੍ਹ ਹੋਏ ਹਨ। ਨੁਕਸਦਾਰ ਦਵਾਈਆਂ ਵਾਪਸ ਮੰਗਵਾਈਆਂ ਜਾਣਗੀਆਂ ਅਤੇ ਕੰਪਨੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।