ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵਾਰਾਣਸੀ ਵਿਖੇ ਡਿਊਟੀ ਤੋਂ ਗ਼ੈਰ ਹਾਜ਼ਰ ਪਾਏ ਗਏ 16 ਪੁਲਸ ਮੁਲਾਜ਼ਮਾਂ ਨੂੰ ਪੁਲਸ ਕਮਿਸ਼ਨਰ ਨੇ ਸਸਪੈਂਡ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਨਰਾਤਿਆਂ ‘ਚ ਵਾਰਾਣਸੀ ਦੇ ਪੁਲਸ ਕਮਿਸ਼ਨਰ ਮੋਹਿਤ ਅਗਰਵਾਲ ਨੇ ਖ਼ੁਦ ਸ਼ਹਿਰ ਦੇ ਵੱਖ-ਵੱਖ ਥਾਣਾ ਇਲਾਕਿਆਂ ‘ਚ ਚੈਕਿੰਗ ਕੀਤੀ, ਜਿਨ੍ਹਾਂ ‘ਚ ਸ਼ਿਵਪੁਰ, ਕੈਂਟ, ਲੋਹਤਾ, ਲਾਲਪੁਰ ਤੇ ਮੁੰਡੁਵਾਡੀਹ ਸ਼ਾਮਲ ਹਨ, ਜਿੱਥੇ ਉਨ੍ਹਾਂ ਨੇ 11 ਸਬ ਇੰਸਪੈਕਟਰ, 3 ਹੈੱਡ ਕਾਂਸਟੇਬਲ ਤੇ 2 ਕਾਂਸਟੇਬਲਾਂ ਨੂੰ ਬਿਨਾਂ ਜਾਣਕਾਰੀ ਦਿੱਤੇ ਡਿਊਟੀ ਤੋਂ ਗ਼ੈਰ-ਹਾਜ਼ਰ ਪਾਇਆ।
ਇਸ ਮਗਰੋਂ ਉਨ੍ਹਾਂ ਨੇ ਤੁਰੰਤ ਇਨ੍ਹਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੱਲੋਂ ਈਦ ਤੋਂ ਬਾਅਦ ਨਰਾਤਿਆਂ ਦੌਰਾਨ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕਮਿਸ਼ਨਰ ਨੇ ਇਹ ਸਖ਼ਤ ਕਾਰਵਾਈ ਕੀਤੀ ਹੈ।