ਨੈਸ਼ਨਲ ਟਾਈਮਜ਼ ਬਿਊਰੋ :- ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ 19ਵਾਂ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਗੁਰੂ ਨਗਰੀ ਅੰਮ੍ਰਿਤਸਰ ਵਿਚ 4 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਮਾਗਮ ਦਾ ਰਸਮੀ ਉਦਘਾਟਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ 5 ਦਸੰਬਰ ਨੂੰ ਕਰਨਗੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਮਹਿਮਾਨ ਹੋਣਗੇ।
ਇਹ ਜਾਣਕਾਰੀ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਪਾਈਟੈਕਸ ਮੈਦਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਨਗਰ ਨਿਗਮ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪਾਈਟੈਕਸ ਸਮਾਗਮ ਦੌਰਾਨ ਬਿਜਲੀ, ਪਾਣੀ ਅਤੇ ਸਫਾਈ ਦੇ ਪ੍ਰਬੰਧਨ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਅੰਮ੍ਰਿਤਸਰ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਨੇ ਕਿਹਾ ਕਿ ਪਾਈਟੈਕਸ ਦੇ ਕਾਰਨ ਅੰਮ੍ਰਿਤਸਰ ਨੂੰ ਇਕ ਨਵੀਂ ਪਛਾਣ ਮਿਲੀ ਹੈ। ਇੱਥੇ ਪੰਜ ਦਿਨਾਂ ਲਈ ਵੱਖ-ਵੱਖ ਰਾਜਾਂ ਅਤੇ ਗੁਆਂਢੀ ਦੇਸ਼ਾਂ ਦੇ ਕਾਰੋਬਾਰ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਦੇ ਹਨ। ਇਸ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੋਵੇਗਾ ਅਤੇ ਪੰਜਾਬ ਨੂੰ ਆਰਥਿਕ ਤੌਰ ’ਤੇ ਵੀ ਲਾਭ ਹੋਵੇਗਾ। ਇਸ ਸਮਾਗਮ ਵਿਚ ਪੰਜਾਬ ਸਰਕਾਰ ਦੇ ਕਈ ਵਿਭਾਗ ਹਿੱਸਾ ਲੈ ਰਹੇ ਹਨ।
ਅਗਲੇ ਪੰਜ ਦਿਨਾਂ ਲਈ ਨਿਰਧਾਰਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੀ. ਐੱਚ. ਡੀ. ਸੀ. ਸੀ. ਆਈ. ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ 4 ਦਸੰਬਰ ਨੂੰ, ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਕਿਸ਼ਾਰੇ ਰਾਹਟਕਰ ‘ਸਟ੍ਰੇਂਥ, ਵੈੱਲਨੈਸ ਐਂਡ ਇੰਟਰਪ੍ਰਾਈਜ਼: ਭਵਿੱਖ ਨੂੰ ਆਕਾਰ ਦਿੰਦੀਆਂ ਔਰਤਾਂ’ ਸਿਰਲੇਖ ਵਾਲੇ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਇਸ ਮੌਕੇ ਪੀ. ਐੱਚ. ਡੀ. ਸੀ. ਸੀ. ਆਈ. ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ, ਖੇਤਰੀ ਕੋਆਰਡੀਨੇਟਰ ਜੈਦੀਪ ਸਿੰਘ ਅਤੇ ਕਈ ਹੋਰ ਪਤਵੰਤੇ ਮੌਜੂਦ ਸਨ।
