ਪੁਲਿਸ ਕਸਟਡੀ ਤੋਂ 2 ਹਵਾਲਾਤੀ ਹੱਥਕੜੀ ਸਣੇ ਫਰਾਰ

ਗੁਰਪ੍ਰੀਤ ਸਿੰਘ :- ਲੁਧਿਆਣਾ ਵਿੱਚ ਪੁਲਿਸ ਹਿਰਾਸਤ ’ਚੋਂ ਦੋ ਹਵਾਲਾਤੀ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ। ਦੋਵਾਂ ਨੂੰ ਹੱਥਕੜੀ ਲੱਗੀ ਹੋਈ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਟੀਮ ਉਨ੍ਹਾਂ ਨੂੰ ਅਗਲੀ ਪੁੱਛਗਿੱਛ ਲਈ ਲਿਜਾ ਰਹੀ ਸੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਰਿਕਾਰਡ ਮੁਤਾਬਕ ਥਾਣਾ ਮਾਡਲ ਟਾਊਨ ਵਿੱਚ 8 ਅਕਤੂਬਰ 2026 ਨੂੰ ਐੱਫਆਈਆਰ ਨੰਬਰ 214 ਤਹਿਤ ਬੀਐੱਨਐੱਸ ਦੀਆਂ ਧਾਰਾਵਾਂ 331(4), 305 ਅਤੇ 3(5) ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪ੍ਰਿੰਸ ਸ਼ਰਮਾ ਅਤੇ ਰਮਨਦੀਪ ਸਿੰਘ ਉਰਫ਼ ਰਿੰਕੂ ਨੂੰ 12 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋਵਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਰਿਮਾਂਡ ਦੌਰਾਨ ਦੋਵਾਂ ਨੂੰ ਅਗਲੀ ਪੁੱਛਗਿੱਛ ਲਈ ਕ੍ਰਾਈਮ ਬ੍ਰਾਂਚ-1 ਲੁਧਿਆਣਾ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਰਮਨਦੀਪ ਸਿੰਘ ਉਰਫ਼ ਰਿੰਕੂ ਨੇ ਕਥਿਤ ਤੌਰ ’ਤੇ ਸਿਹਤ ਖ਼ਰਾਬ ਹੋਣ ਦੀ ਗੱਲ ਕਹੀ। ਜਦੋਂ ਪੁਲਿਸ ਮੁਲਾਜ਼ਮ ਉਸ ਦੀ ਹੱਥਕੜੀ ਖੋਲ੍ਹ ਕੇ ਜਾਂਚ ਕਰਨ ਲੱਗੇ ਤਾਂ ਉਸ ਨੇ ਮੁਲਾਜ਼ਮ ਨੂੰ ਧੱਕਾ ਮਾਰ ਦਿੱਤਾ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਹੱਥਕੜੀ ਸਮੇਤ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਮੁਤਾਬਕ ਪ੍ਰਿੰਸ ਸ਼ਰਮਾ ਉਰਫ਼ ਪ੍ਰਿੰਸ ਪਿੰਡ ਜੋਪਮਾਜਰਾ, ਥਾਣਾ ਅਮਰਗੜ੍ਹ, ਜ਼ਿਲ੍ਹਾ ਮਲੇਰਕੋਟਲਾ ਦਾ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਰਮਨਦੀਪ ਸਿੰਘ ਉਰਫ਼ ਰਿੰਕੂ ਫਿਲੌਰ ਦੇ ਮੁਹੱਲਾ ਜਗਤਪੁਰਾ, ਜ਼ਿਲ੍ਹਾ ਜਲੰਧਰ ਦਾ ਵਸਨੀਕ ਹੈ। ਦੋਵਾਂ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਬੀਐੱਨਐੱਸ ਦੀਆਂ ਧਾਰਾਵਾਂ 262, 221 ਅਤੇ 132 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *