ਗੁਰਪ੍ਰੀਤ ਸਿੰਘ :- ਪੰਜਾਬ-ਹਰਿਆਣਾ ਦੇ ਦਾਤਾ ਸਿੰਘ ਵਾਲਾ-ਖਨੌਰੀ ਬਾਰਡਰ ਤੋਂ ਦਿੱਲੀ ਦੇ ਜੰਤਰ-ਮੰਤਰ ਤੱਕ ਕਰੀਬ 228 ਕਿਲੋਮੀਟਰ ਲੰਬੀ ‘ਕਿਸਾਨ ਬਚਾਓ ਪਦਯਾਤਰਾ’ ਅੱਜ ਸ਼ੁਰੂ ਹੋਵੇਗੀ। ਕਿਸਾਨ ਆਗੂ ਅਭਿਮਨਿਊ ਕੋਹਾੜ ਦੇ ਮੁਤਾਬਕ, ਪਦਯਾਤਰਾ 29 ਅਗਸਤ ਨੂੰ ਜੰਤਰ-ਮੰਤਰ ਪਹੁੰਚੇਗੀ, ਜਿੱਥੇ ਵੱਡੀ ਕਿਸਾਨ ਮਹਾਂਪੰਚਾਇਤ ਹੋਵੇਗੀ। ਇਸ ਪਦਯਾਤਰਾ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਟਰੈਕਟਰ-ਟਰਾਲੀਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। 51 ਕਿਸਾਨ ਪੂਰੇ 228 ਕਿਲੋਮੀਟਰ ਪੈਦਲ ਚੱਲਣਗੇ, ਜਦਕਿ ਕਰੀਬ 200 ਸਹਿਯੋਗੀ ਕਿਸਾਨ ਤੇ ਸਹਾਇਕ ਵਾਹਨ ਉਨ੍ਹਾਂ ਦੇ ਨਾਲ ਰਹਿਣਗੇ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਯਾਤਰਾ ਸ਼ਾਂਤੀਪੂਰਨ ਤੇ ਅਨੁਸ਼ਾਸਿਤ ਢੰਗ ਨਾਲ ਕੱਢੀ ਜਾਵੇਗੀ।
ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ‘ਚ ਐਮਐਸਪੀ (ਘੱਟੋ-ਘੱਟ ਸਮਰਥਨ ਮੁੱਲ) ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਜੁੜੇ ਮੁੱਦੇ, ਕਰਜ਼ੇ ਤੇ ਪੈਨਸ਼ਨ ਸਮੇਤ ਲੰਬਿਤ ਮੰਗਾਂ ਸ਼ਾਮਲ ਹਨ। ਇਸ ਦੇ ਨਾਲ ਹੀ ਕਿਸਾਨ ਸੰਗਠਨ ਕੇਂਦਰ ਸਰਕਾਰ ਨਾਲ ਲੰਬਿਤ ਮੁੱਦਿਆਂ ਤੇ ਗੱਲਬਾਤ ਨਾ ਹੋਣ ਦਾ ਮੁੱਦਾ ਵੀ ਚੁੱਕ ਰਹੇ ਹਨ।
ਕਿਸਾਨ ਪੰਚਾਇਤ ਨਾਲ ਖ਼ਤਮ ਹੋਵੇਗੀ ਯਾਤਰਾ
ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਦੱਸਿਆ ਕਿ ਅੱਜ ਤੋਂ 228 ਕਿਲੋਮੀਟਰ ਲੰਬੀ ‘ਕਿਸਾਨ ਬਚਾਓ ਪਦਯਾਤਰਾ’ ਸ਼ੁਰੂ ਹੋਣ ਜਾ ਰਹੀ ਹੈ। ਇਹ ਹਰਿਆਣਾ-ਪੰਜਾਬ ਸਰਹੱਦ ‘ਤੇ ਸਥਿਤ ਦਾਤਾ ਸਿੰਘ ਵਾਲਾ ਪਿੰਡ ਤੋਂ ਸ਼ੁਰੂ ਹੋ ਕੇ 29 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਿਸਾਨ ਪੰਚਾਇਤ ਨਾਲ ਸਮਾਪਤ ਹੋਵੇਗੀ।
51 ਕਿਸਾਨ 228 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਨਗੇ
ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ‘ਚ 51 ਕਿਸਾਨ ਪੂਰੀ 228 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਨਗੇ। ਹਰਿਆਣਾ ਦੇ ਨਰਵਾਣਾ, ਜੀਂਦ ਤੇ ਸਿੰਘੂ ਬਾਰਡਰ ਵਰਗੇ ਮੁੱਖ ਸਥਾਨਾਂ ਤੋਂ ਲੰਘਦੇ ਹੋਏ ਰਸਤੇ ‘ਚ 200 ਤੋਂ ਵੱਧ ਸਮਰਥਕ ਵੀ ਉਨ੍ਹਾਂ ਨਾਲ ਜੁੜਦੇ ਜਾਣਗੇ, ਜਿਸ ਤੋਂ ਬਾਅਦ ਉਹ ਦਿੱਲੀ ਪਹੁੰਚਣਗੇ।
ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗੀ ਪਦਯਾਤਰਾ
ਕਿਸਾਨਾਂ ਤੇ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਹੈ ਕਿ ਇਹ ਪਦਯਾਤਰਾ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗੀ ਤੇ ਇਸ ਨਾਲ ਆਮ ਲੋਕਾਂ ਜਾਂ ਟ੍ਰੈਫਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ। ਇਹ ਮਾਰਚ ਸਿਰਫ਼ ਬਦਲਾਅ ਦੀ ਮੰਗ ਨਹੀਂ ਹੈ, ਸਗੋਂ ਇਹ ਕਿਸਾਨ ਸ਼ੁਭਮ ਨੂੰ ਸੱਚੀ ਸ਼ਰਧਾਂਜਲੀ ਵੀ ਹੈ, ਜਿਸ ਨੇ ਪਹਿਲਾਂ ਹੋਏ ਇੱਕ ਪ੍ਰਦਰਸ਼ਨ ਦੌਰਾਨ ਆਪਣੀ ਜਾਨ ਗੁਆ ਦਿੱਤੀ ਸੀ।
