ਹਿਮਾਚਲ ਵਿੱਚ ਦੋ ਕੌਮੀ ਮਾਰਗਾਂ ਸਣੇ 297 ਸੜਕਾਂ ਬੰਦ

ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਦਰਮਿਆਨੇ ਤੋਂ ਭਾਰੀ ਮੀਂਹ ਜਾਰੀ ਰਿਹਾ ਜਿਸ ਕਾਰਨ ਦੋ ਕੌਮੀ ਸ਼ਾਹਰਾਹਾਂ ਸਮੇਤ 297 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ। ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਹਿਮਾਚਲ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਖੇਤਰਾਂ ਵਿੱਚ ਸ਼ਨਿਚਰਵਾਰ ਸ਼ਾਮ ਤੋਂ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਭਰਾਡੀ ਵਿੱਚ 108.2 ਐੱਮਐੱਮ, ਮੁਰਾਰੀ ਦੇਵੀ ਵਿੱਚ 82 ਐੱਮਐੱਮ, ਨੈਣਾ ਦੇਵੀ ਵਿੱਚ 74.4 ਐੱਮਐੱਮ, ਮਲਰਾਓਂ ਵਿੱਚ 56.2 ਐੱਮਐੱਮ, ਬ੍ਰਾਹਮਣੀ ਵਿੱਚ 45.4 ਐੱਮਐੱਮ, ਊਨਾ ਵਿੱਚ 38 ਐੱਮਐੱਮ ਅਤੇ ਜੋਤ ਵਿੱਚ 36.2 ਐੱਮਐੱਮ ਮੀਂਹ ਦਰਜ ਕੀਤਾ ਗਿਆ।

ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਐਤਵਾਰ ਸਵੇਰ ਤੱਕ ਕੁੱਲ 307 ਸੜਕਾਂ ’ਤੇ ਆਵਾਜਾਈ ਠੱਪ ਰਹੀ। ਇਨ੍ਹਾਂ ਵਿੱਚੋਂ ਮੰਡੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 156 ਸੜਕਾਂ, ਜਦੋਂਕਿ ਕੁੱਲੂ ਵਿੱਚ 68 ਸੜਕਾਂ ਬੰਦ ਰਹੀਆਂ। ਐੱਸਈਓਸੀ ਨੇ ਕਿਹਾ ਕਿ ਸੂਬੇ ਵਿੱਚ 284 ਬਿਜਲੀ ਟਰਾਂਸਫਾਰਮਰ ਅਤੇ 210 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ। ਹਿਮਾਚਲ ਵਿੱਚ 20 ਜੂਨ ਨੂੰ ਮੌਨਸੂਨ ਦੀ ਆਮਦ ਤੋਂ ਪਹਿਲੀ ਅਗਸਤ ਤੱਕ 1,692 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਹੁਣ ਤੱਕ 101 ਮੌਤਾਂ ਹੋ ਗਈਆਂ ਹਨ ਅਤੇ 36 ਲਾਪਤਾ ਹਨ। ਇਸ ਤੋਂ ਇਲਾਵਾ 1,600 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਅਚਾਨਕ ਹੜ੍ਹਾਂ ਦੀਆਂ 51 ਘਟਨਾਵਾਂ, ਬੱਦਲ ਫਟਣ ਦੀਆਂ 28 ਅਤੇ ਢਿੱਗਾਂ ਡਿੱਗਣ ਦੀਆਂ 45 ਘਟਨਾਵਾਂ ਵਾਪਰੀਆਂ ਹਨ।

By Gurpreet Singh

Leave a Reply

Your email address will not be published. Required fields are marked *