ਨੈਸ਼ਨਲ ਟਾਈਮਜ਼ ਬਿਊਰੋ :- ਰੋਪੜ ਦੇ ਰਹਿਣ ਵਾਲੇ ਛੇ ਸਾਲ ਦੇ ਤੇਗਬੀਰ ਸਿੰਘ ਨੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ ਹੈ, ਤੇਗਬੀਰ ਸਿੰਘ ਯੂਰਪੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ, ਮਾਊਂਟ ਐਲਬਰਸ ‘ਤੇ ਚੜ੍ਹਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ। ਇਹ ਚੋਟੀ ਰੂਸ ਵਿੱਚ 18,510 ਫੁੱਟ (5,642 ਮੀਟਰ) ਦੀ ਉਚਾਈ ‘ਤੇ ਸਥਿਤ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਸਾਰਾ ਰਸਤਾ ਪੈਦਲ ਹੀ ਤੈਅ ਕੀਤਾ, 28 ਜੂਨ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚਿਆ।
ਸਿਖਰ ‘ਤੇ ਪਹੁੰਚਣ ਤੋਂ ਬਾਅਦ ਉਸਨੂੰ ਕਬਾਰਡੀਨੋ-ਬਲਕਾਰੀਅਨ ਗਣਰਾਜ (ਰੂਸ) ਦੇ ਮਾਊਂਟੇਨੀਅਰਿੰਗ, ਰੌਕ ਕਲਾਈਬਿੰਗ ਅਤੇ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਦੁਆਰਾ ਜਾਰੀ ਕੀਤਾ ਗਿਆ ਇੱਕ ਮਾਊਂਟੇਨੀਅਰਿੰਗ ਸਰਟੀਫਿਕੇਟ ਪ੍ਰਾਪਤ ਹੋਇਆ। ਸਰਟੀਫਿਕੇਟ ਵਿੱਚ ਲਿਖਿਆ ਸੀ ਕਿ, “ਇਹ ਪ੍ਰਮਾਣਿਤ ਕਰਨ ਲਈ ਹੈ ਕਿ ਭਾਰਤ ਦਾ ਤੇਗਬੀਰ ਸਿੰਘ 6 ਸਾਲ, 9 ਮਹੀਨੇ ਅਤੇ 4 ਦਿਨ ਦੀ ਉਮਰ ਵਿੱਚ ਮਾਊਂਟ ਐਲਬਰਸ ‘ਤੇ ਚੜ੍ਹਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਹੈ।”
ਤੇਗਬੀਰ ਸਿੰਘ ਨੇ ਮਹਾਰਾਸ਼ਟਰ ਦੇ ਵਾਘਾ ਕੁਸ਼ਾਗਰ ਦਾ ਵਿਸ਼ਵ ਰਿਕਾਰਡ ਤੋੜਿਆ ਹੈ ਜਿਸ ਨੇ ਪਿਛਲੇ ਸਾਲ 7 ਸਾਲ 3 ਮਹੀਨੇ ਦੀ ਉਮਰ ਵਿੱਚ ਇਹ ਰਿਕਾਰਡ ਬਣਾਇਆ ਸੀ। ਤੇਜਬੀਰ ਸਿੰਘ ਦੇ ਪਿਤਾ ਨੇ ਕਿਹਾ ਕਿ ” ਤੇਗਬੀਰ ਮੇਰੇ ਅਤੇ ਕੋਚ ਦੇ ਨਾਲ ਹਫ਼ਤਾਵਾਰੀ ਵੱਖ-ਵੱਖ ਪਹਾੜੀ ਸਟੇਸ਼ਨਾਂ ਦੀ ਯਾਤਰਾ ‘ਤੇ ਜਾਂਦਾ ਸੀ। ਤੇਗਬੀਰ ਨੇ ਇਸ ਛੋਟੀ ਨੂੰ ਸਰ ਕਰਨ ਦੀ ਤਿਆਰੀ ਲਗਭਗ ਇੱਕ ਸਾਲ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਇਹ ਚੜ੍ਹਾਈ ਕਿਲੀਮੰਜਾਰੋ ਪਹਾੜ ਅਤੇ ਉਸ ਦੁਆਰਾ ਪਹਿਲਾਂ ਕੀਤੀਆਂ ਗਈਆਂ ਹੋਰ ਟ੍ਰੈਕਿੰਗਾਂ ਤੋਂ ਵੱਖਰੀ ਸੀ। ”