ਬਰਨਾਲਾ (ਨੈਸ਼ਨਲ ਟਾਈਮਜ਼): ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ 70% ਤੋਂ ਵੱਧ, ਭਾਵ 9,766 ਅਪਾਹਜ ਵਿਅਕਤੀਆਂ ਨੂੰ ਯੂਨੀਕ ਡਿਸ਼ਐਬਿਲਟੀ ਆਈ.ਡੀ. (ਯੂ.ਡੀ.ਆਈ.ਡੀ.) ਜਾਰੀ ਕੀਤੇ ਗਏ ਹਨ। ਇਹ ਕਾਰਡ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਸਿਹਤ ਵਿਭਾਗ ਦੇ ਸਾਂਝੇ ਯਤਨਾਂ ਦੇ ਨਤੀਜੇ ਵਜੋਂ ਦਿੱਤੇ ਗਏ ਹਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਸੇਵਾਵਾਂ ਦੇ ਲਾਭ ਅਪਾਹਜ ਵਿਅਕਤੀਆਂ ਨੂੰ ਇੱਕ ਕਾਰਡ ਦੇ ਆਧਾਰ ‘ਤੇ ਪ੍ਰਦਾਨ ਕਰਨ ਲਈ ਵਿਲੱਖਣ ਅਪੰਗਤਾ ਪਛਾਣ ਪੱਤਰ (ਯੂ.ਡੀ.ਆਈ.ਡੀ.) ਜਾਰੀ ਕੀਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਯੂ.ਡੀ.ਆਈ.ਡੀ. ਇਹ ਕਾਰਡ ਸਿਰਫ਼ ਦਿਵਯਾਂਗਜਨਾਂ ਲਈ ਇੱਕ ਪਛਾਣ ਪੱਤਰ ਨਹੀਂ ਹੈ, ਸਗੋਂ ਇਹ ਪੈਨਸ਼ਨ, ਸਿਖਲਾਈ, ਰੁਜ਼ਗਾਰ ਅਤੇ ਡਾਕਟਰੀ ਸਹਾਇਤਾ ਵਰਗੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਵੀ ਜ਼ਰੂਰੀ ਹੈ। ਇਸ ਕਾਰਡ ਰਾਹੀਂ, ਅਪਾਹਜ ਵਿਅਕਤੀ ਸਰਕਾਰੀ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਅਪਾਹਜਾਂ ਲਈ ਇੱਕ ਅਪੰਗਤਾ ਸੈੱਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਰਪਿਤ ਸੈੱਲ ਅਪਾਹਜ ਵਿਅਕਤੀਆਂ ਨੂੰ ਸਕੀਮਾਂ ਦਾ ਲਾਭ ਪ੍ਰਦਾਨ ਕਰਨ ਲਈ ਇੱਕ ਸਿੰਗਲ ਵਿੰਡੋ ਪਲੇਟਫਾਰਮ ਵਜੋਂ ਕੰਮ ਕਰਦਾ ਹੈ।
