ਨੈਸ਼ਨਲ ਟਾਈਮਜ਼ ਬਿਊਰੋ :- ਸਰਹੱਦੀ ਕਸਬਾ ਕਲਾਨੌਰ ਵਿਖੇ ਸਾਹਲੇ ਚੱਕ ਪਿੰਡ ਵੱਲ ਜਾਂਦੇ ਲਿੰਕ ਮਾਰਗ ’ਤੇ ਕੁਝ ਵਿਅਕਤੀਆਂ ਵੱਲੋਂ ਪੁਰਾਣੀ ਰੰਜਿਸ ਤਹਿਤ ਪਿੰਡ ਸਹੂਰ ਕਲਾਂ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰਨ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ਅੰਦਰ ਦਹਿਸਤ ਦਾ ਮਹੌਲ ਬਣਿਆ ਹੋਇਆ ਹੈ। ਇਸ ਘਟਨਾ ਸਬੰਧੀ ਪਤਾ ਚਲਦਿਆਂ ਹੀ ਐਸ.ਪੀ ਡੀ ਜੁਗਰਾਜ ਸਿੰਘ, ਐਸ.ਐਚ.ਓ ਕਲਾਨੌਰ ਸਾਹਿਲ ਪਠਾਨੀਆ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ ਨੂੰ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਰਤਕ ਨਿਰਮਲ ਸਿੰਘ ਦੇ ਭਰਾ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪਿੰਡ ਸਹੂਰ ਖੁਰਦ ਵਿੱਚ ਪੰਚਾਇਤੀ ਗਲੀ ਦਾ ਨਿਰਮਾਣ ਕਰਵਾ ਰਹੇ ਸਨ ਕਿ ਇਸ ਦੌਰਾਨ ਗਲੀ ਦੇ ਨਿਰਮਾਣ ਨੂੰ ਰੋਕਣ ਨੂੰ ਲੈ ਕੇ ਦੂਸਰੀ ਧਿਰ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਨਾਂ ਦਾ ਇਕ ਸਾਥੀ ਜਖਮੀ ਹੋ ਗਿਆ ਸੀ ਅਤੇ ਉਸੇ ਦਿਨ ਤੋਂ ਹੀ ਉਹਨਾਂ ਨੂੰ ਵਿਰੋਧੀ ਧਿਰ ਵੱਲੋਂ ਗੋਲੀਆਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅੱਜ ਦੁਪਹਿਰ ਸਮੇਂ ਮੇਰਾ ਛੋਟਾ ਭਰਾ ਨਿਰਮਲ ਸਿੰਘ ਆਪਣੀ ਮੋਪਡ ’ਤੇ ਸਵਾਰ ਹੋ ਕੇ ਕਲਾਨੌਰ ਸਾਈਡ ਵੱਲੋਂ ਆ ਰਿਹਾ ਸੀ ਕਿ ਉਸ ਨੂੰ ਕਲਾਨੌਰ ਦੇ ਬਾਹਰ ਪਿੰਡ ਸਾਹਲੇ ਚੱਕ ਰੋਡ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਜੋ ਉਸਦੀ ਛਾਤੀ ਵਿੱਚ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਵਲੋਂ ਜ਼ਖਮੀ ਨਿਰਮਲ ਸਿੰਘ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਉਹਨਾਂ ਨੇ ਪੁਲਸ ਪ੍ਰਸਾਸਨ ਨੂੰ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸਦੇ ਭਰਾ ਦੇ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ ਦੂਜੇ ਪਾਸੇ ਘਟਨਾ ਸਥਾਨ ਤੇ ਪਹੁੰਚੇ ਐਸ.ਪੀ ਡੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਆਮ ਆਦਮੀ ਪਾਰਟੀ ਦੇ ਸਰਪੰਚ ਦੇ ਭਰਾ ਦਾ ਗੋਲੀਆਂ ਮਾਰਕੇ ਕਤਲ!
