ਟਰੰਪ ਵੱਲੋਂ ਇਕ ਹੋਰ ਭਾਰਤੀ-ਅਮਰੀਕੀ ਦੀ ਅਹਿਮ ਅਹੁਦੇ ’ਤੇ ਨਿਯੁਕਤੀ

ਨੈਸ਼ਨਲ ਟਾਈਮਜ਼ ਬਿਊਰੋ :- ਦੱਖਣ ਏਸ਼ਿਆਈ ਸੁਰੱਖਿਆ ਦੇ ਮਾਹਿਰ ਪਾਲ ਕਪੂਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦੱਖਣ ਏਸ਼ਿਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਜੇ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਡੋਨਲਡ ਲੂ ਦੀ ਥਾਂ ਲੈਣਗੇ।

ਜਨਵਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਦੱਖਣੀ ਤੇ ਮੱਧ ਏਸ਼ਿਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਲੂ ਦੀ ਵਿਦਾਈ ਦੀ ਪੁਸ਼ਟੀ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਕਾਰਜਕਾਲ 17 ਜਨਵਰੀ, 2025 ਨੂੰ ਖ਼ਤਮ ਹੋ ਗਿਆ ਸੀ। ਅਮਰੀਕੀ ਵਿਦੇਸ਼ ਵਿਭਾਗ ਦਾ ਦੱਖਣੀ ਅਤੇ ਮੱਧ ਏਸ਼ਿਆਈ ਮਾਮਲਿਆਂ ਦਾ ਬਿਊਰੋ ਅਮਰੀਕੀ ਵਿਦੇਸ਼ ਨੀਤੀ ਅਤੇ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਖ਼ਿਸਤਾਨ, ਕਿਰਗਿਜ਼ਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਆਦਿ ਮੁਲਕਾਂ ਨਾਲ ਅਮਰੀਕੀ ਰਿਸ਼ਤਿਆਂ ਦੇ ਮਾਮਲਿਆਂ ਨੂੰ ਨਜਿੱਠਦਾ ਹੈ।ਭਾਰਤੀ ਮੂਲ ਦੇ ਕਪੂਰ ਯੂਨਾਈਟਿਡ ਸਟੇਟਸ ਨੇਵਲ ਪੋਸਟ ਗ੍ਰੈਜੂਏਟ ਸਕੂਲ ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਹਨ। ਉਨ੍ਹਾਂ 2020-2021 ਵਿਚ ਵਿਦੇਸ਼ ਵਿਭਾਗ ਦੇ ਨੀਤੀ ਯੋਜਨਾ ਸਟਾਫ ਵਿੱਚ ਸੇਵਾ ਨਿਭਾਈ ਹੈ, ਦੱਖਣੀ ਅਤੇ ਮੱਧ ਏਸ਼ੀਆ, ਭਾਰਤ-ਪ੍ਰਸ਼ਾਂਤ ਰਣਨੀਤੀ ਅਤੇ ਅਮਰੀਕਾ-ਭਾਰਤ ਸਬੰਧਾਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਕੰਮ ਕੀਤਾ ਹੈ।ਉਹ ਕਿਤਾਬ ‘ਇੰਡੀਆ, ਪਾਕਿਸਤਾਨ ਐਂਡ ਦ ਬੌਂਬ: ਡਿਬੇਟਿੰਗ ਨਿਊਕਲੀਅਰ ਸਟੈਬਿਲਿਟੀ ਇਨ ਸਾਊਥ ਏਸ਼ੀਆ’ ਦੇ ਸਹਿ-ਲੇਖਕ ਅਤੇ ਨਾਲ ਹੀ ‘ਦ ਚੈਲੇਂਜਿਸ ਆਫ਼ ਨਿਊਕਲੀਅਰ ਸਿਕਿਓਰਿਟੀ: ਯੂਐੱਸ ਐਂਡ ਇੰਡੀਅਨ ਪਰਸਪੈਕਟਿਵਜ਼’ ਦੇ ਸਹਿ-ਸੰਪਾਦਕ ਵੀ ਹਨ।ਕਪੂਰ ਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਪੀ ਐੱਚਡੀ ਕੀਤੀ ਹੈ। ਉਨ੍ਹਾਂ ਦੀ ਜੀਵਨੀ ਦੇ ਅਨੁਸਾਰ ਕਪੂਰ ਰੱਖਿਆ ਵਿਭਾਗ ਲਈ ਅਮਰੀਕਾ-ਭਾਰਤ ਟ੍ਰੈਕ 1.5 ਰਣਨੀਤਕ ਸੰਵਾਦ ਦੇ ਨਾਲ-ਨਾਲ ਹੋਰ ਅਮਰੀਕੀ-ਭਾਰਤੀ ਸਾਂਝੇ ਮਾਮਲਿਆਂ ਦਾ ਸੰਚਾਲਨ ਵੀ ਕਰਦੇ ਹਨ।

By Rajeev Sharma

Leave a Reply

Your email address will not be published. Required fields are marked *