ਡੇਰਾਬਸੀ (ਗੁਰਪ੍ਰੀਤ ਸਿੰਘ): ਗ੍ਰੀਨ ਸਟਾਰ ਵੈਲਫੇਅਰ ਕਲੱਬ ਵੱਲੋਂ ਸ਼੍ਰੀ ਰਾਮ ਤਲਾਈ ‘ਚ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ 92 ਲੋਕਾਂ ਨੇ ਸੁੱਚੇ ਮਨ ਨਾਲ ਖੂਨ ਦਾਨ ਕੀਤਾ। ਇਸ ਮੌਕੇ ‘ਤੇ ਡੇਰਾਬਸੀ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਜਸਪਾਲ ਸਿੰਘ ਸੰਧੂ ਅਤੇ ਸਮਾਜਸੇਵੀ ਸਾਹਿਲ ਜੈਨ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਨਗਰ ਕੌਂਸਲ ਡੇਰਾਬਸੀ ਦੀ ਪ੍ਰਧਾਨ ਆਸ਼ੂ ਉਪਨੇਜਾ ਨੇ ਵੀ ਖਾਸ ਤੌਰ ‘ਤੇ ਕੈਂਪ ਵਿੱਚ ਸ਼ਿਰਕਤ ਕਰਕੇ ਖੂਨ ਦਾਤਾਵਾਂ ਦਾ ਹੋਸਲਾ ਵਧਾਇਆ। ਕੈਂਪ ਵਿੱਚ ਪਿੰਡ ਨੀਂਬੂਆ ਦੇ ਸਰਪੰਚ ਰਘੁਵੀਰ ਸਿੰਘ, ਪਾਰਸ਼ਦ ਦਵਿੰਦਰ ਸਿੰਘ ਅਤੇ ਸਮਾਜਸੇਵੀ ਨਰੇਸ਼ ਉਪਨੇਜਾ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਕੈਂਪ ਦੇ ਆਯੋਜਨ ਦਾ ਮੁੱਖ ਉਦੇਸ਼ ਲੋਕਾਂ ਨੂੰ ਖੂਨ ਦਾਨ ਲਈ ਜਾਗਰੂਕ ਕਰਨਾ ਅਤੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਸੀ। ਕਲੱਬ ਦੇ ਮੈਂਬਰ ਅਜੇ ਕੁਮਾਰ, ਮਨਦੀਪ ਸਿੰਘ, ਧਰਮਵੀਰ, ਆਤਿਸ਼ ਸੈਣੀ, ਗੌਰਵ ਅਰੋੜਾ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ ਅਤੇ ਭੂਪਿੰਦਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਕੈਂਪ ਦੀ ਸਫਲਤਾ ‘ਚ ਅਹਿਮ ਭੂਮਿਕਾ ਨਿਭਾਈ।
ਖੂਨ ਦਾਨ ਕਰਨ ਵਾਲਿਆਂ ਵਿੱਚ ਲਖਵਿੰਦਰ ਸਿੰਘ ਲੱਕੀ ਨੇ ਆਪਣੇ ਪਰਿਵਾਰ ਸਮੇਤ ਖੂਨ ਦਾਨ ਕੀਤਾ, ਜੋ ਕਿ ਉਨ੍ਹਾਂ ਦਾ 142ਵਾਂ ਖੂਨ ਦਾਨ ਸੀ। ਡਾ. ਰਵਨੀਤ ਕੌਰ ਦੀ ਅਗਵਾਈ ਹੇਠ ਚੰਡੀਗੜ੍ਹ ਸੈਕਟਰ 32 ਹਸਪਤਾਲ ਦੀ ਟੀਮ ਵੀ ਕੈਂਪ ਵਿੱਚ ਮੌਜੂਦ ਰਹੀ।
ਕੈਂਪ ਵਿੱਚ ਆਏ ਮਹਿਮਾਨਾਂ ਨੇ ਖੂਨ ਦਾਤਾਵਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ‘ਚ ਵੀ ਖੂਨ ਦਾਨ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਇਸ ਮੌਕੇ ‘ਤੇ ਕਿਹਾ, “ਖੂਨ ਦਾਨ ਮਹਾਦਾਨ ਹੈ ਅਤੇ ਇਹ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾ ਸਕਦਾ ਹੈ। ਸਮਾਜ ਨੂੰ ਅਜਿਹੀਆਂ ਮੁਹਿੰਮਾਂ ਵਿੱਚ ਵੱਧ-ਵੱਧ ਹਿੱਸਾ ਲੈਣਾ ਚਾਹੀਦਾ ਹੈ।” ਉਨ੍ਹਾਂ ਨੇ ਕਲੱਬ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ‘ਚ ਵੀ ਅਜਿਹੇ ਆਯੋਜਨਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ।
