ਪੰਜਾਬ ਸਰਕਾਰ ਨੇ ਵਧਾਏ ਭੱਤੇ, ਅੱਠ ਸਾਲ ਬਾਅਦ ਹੋਇਆ ਵਾਧਾ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਦੀ ਭਲਾਈ ਦੀ ਵਚਨਬੱਧਤਾ ਉਤੇ ਪਹਿਰਾ ਦਿੰਦਿਆਂ ਪੇਂਡੂ ਚੌਕੀਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਹੈ। ਕੈਬਨਿਟ ਵੱਲੋਂ ਪਾਸ ਕੀਤੇ ਇਸ ਫ਼ੈਸਲੇ ਨਾਲ ਸੂਬੇ ਦੇ 9974 ਚੌਕੀਦਾਰਾਂ ਨੂੰ ਸਿੱਧਾ ਫ਼ਾਇਦਾ ਹੋਵੇਗਾ। ਇਸ ਨਾਲ ਪੇਂਡੂ ਚੌਕੀਦਾਰਾਂ ਨੂੰ ਸਾਲਾਨਾ 3 ਕਰੋੜ ਰੁਪਏ ਦਾ ਵਾਧੂ ਫ਼ਾਇਦਾ ਮਿਲੇਗਾ। ਪੰਜਾਬ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਹਰ ਵਰਗ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਜਿਸ ਨਾਲ ਕਈ ਵਰਗਾਂ ਦੀਆਂ ਚਿਰਕੋਣੀਆਂ ਮੰਗਾਂ ਪੂਰੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਕੈਬਨਿਟ ਵੱਲੋਂ ਕੀਤੇ ਇਕ ਮਹੱਤਵਪੂਰਨ ਫੈਸਲੇ ਵਿਚ ਪੇਂਡੂ ਚੌਕੀਦਾਰਾਂ ਦਾ ਮਾਸਿਕ ਮਾਣ-ਭੱਤਾ ਮੌਜੂਦਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਗਿਆ ਹੈ। 1250 ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਸਾਲ 2017 ਤੋਂ ਚੱਲ ਰਿਹਾ ਸੀ। ਅੱਠ ਸਾਲ ਬਾਅਦ ਹੁਣ ਇਹ ਵਾਧਾ ਹੋਇਆ ਹੈ।

ਮਾਲ ਮੰਤਰੀ ਨੇ ਕਿਹਾ ਕਿ ਪੇਂਡੂ ਚੌਕੀਦਾਰਾਂ ਦੀ ਜਥੇਬੰਦੀਆਂ ਵੱਲੋਂ ਇਹ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਜੋ ਕੈਬਨਿਟ ਵੱਲੋਂ ਹੁਣ ਮਨਜ਼ੂਰ ਕੀਤੀ ਗਈ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਦੇ ਪੇਂਡੂ ਖੇਤਰਾਂ ਵਿਚ ਚੌਕੀਦਾਰਾਂ ਦੁਆਰਾ ਡਿਊਟੀ ਨੂੰ ਹੋਰ ਸੁਚਾਰੂ ਢੰਗ ਨਾਲ ਨਿਭਾਉਣ ਵਿਚ ਮਦਦ ਮਿਲੇਗੀ। ਮੁੰਡੀਆ ਨੇ ਅੱਗੇ ਕਿਹਾ ਕਿ ਪੇਂਡੂ ਚੌਂਕੀਦਾਰ ਹਿਫ਼ਾਜ਼ਤ ਤੋਂ ਇਲਾਵਾ ਪਿੰਡ ਦੇ ਵਿਕਾਸ ਵਿਚ ਉਸਾਰੂ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਨੰਬਰਦਾਰਾਂ ਲਈ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਮੰਤਰੀ ਮੰਡਲ ਦੀ ਮਨਜ਼ੂਰੀ ਨਾਲ ਹੁਣ ਇਸ ਨੂੰ ਲਾਗੂ ਕਰਨ ਲਈ ਜਲਦ ਹੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। 

By nishuthapar1

Leave a Reply

Your email address will not be published. Required fields are marked *