ਹਰਜਿੰਦਰ ਸਿੰਘ ਧਾਮੀ ਨੇ ਕਿਉਂ ਦਿੱਤਾ ਅਸਤੀਫ਼ਾ, ਅਕਾਲੀ ਆਗੂ ਦਲਜੀਤ ਚੀਮਾ ਨੇ ਦਿੱਤਾ ਵੱਡਾ ਬਿਆਨ

ਹੁਸ਼ਿਆਰਪੁਰ – ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂਆਂ ਦੇ ਇਕ ਵਫ਼ਦ ਵੱਲੋਂ ਅੱਜ ਹਰਜਿੰਦਰ ਸਿੰਘ ਧਾਮੀ ਨਾਲ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ ਗਈ। ਮੁਲਾਕਾਤ ਮਗਰੋਂ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਹਰਜਿੰਦਰ ਸਿੰਘ ਧਾਮੀ ਵੱਲੋਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ ਵੱਡਾ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮਾਂ ‘ਤੇ ਅੱਜ ਹਰਜਿੰਦਰ ਸਿੰਘ ਧਾਮੀ ਨੂੰ ਪਾਰਟੀ ਦਾ ਇਕ ਵਫ਼ਦ ਮਿਲਣ ਪਹੁੰਚਿਆ ਸੀ। 

ਇਸ ਦੌਰਾਨ ਉਨ੍ਹਾਂ ਹਰਜਿੰਦਰ ਸਿੰਘ ਧਾਮੀ ਦੇ ਘਰ ਪਰਮਾਤਮਾ ਵੱਲੋਂ ਪੋਤਰੇ ਦੀ ਦਾਤ ਬਖ਼ਸ਼ਣ ‘ਤੇ ਪਰਿਵਾਰ ਨੂੰ ਵਧਾਈ ਵੀ ਦਿੱਤੀ ਗਈ।  ਮੀਡੀਆ ਨਾਲ ਗੱਲਬਾਤ ਕਰਦੇ ਦਲਜੀਤ ਚੀਮਾ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਇਕ ਵੱਡਾ ਫ਼ੈਸਲਾ ਲਿਆ ਹੈ, ਉਹ ਜਿਹੜੀ ਉਨ੍ਹਾਂ ਦੀ ਮਾਨਸਿਕ ਪੀੜਾ ਸੀ, ਉਸ ਦੇ ਸਬੰਧ ਵਿਚ ਹੀ ਉਨ੍ਹਾਂ ਨਾਲ ਅੱਜ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਹਰਜਿੰਦਰ ਸਿੰਘ ਧਾਮੀ ਸਾਬ੍ਹ ਨੇ ਕੁਝ ਗੱਲਾਂ ਨੂੰ ਲੈ ਕੇ ਜੋ ਵੀ ਉਨ੍ਹਾਂ ਦੇ ਮਨ ਵਿਚ ਬੋਝ ਸੀ, ਉਸ ਕਰਕੇ ਉਨ੍ਹਾਂ ਅਸਤੀਫ਼ਾ ਲੈਣ ਵਰਗੇ ਸਖ਼ਤ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਸਾਰੀ ਪਾਰਟੀ ਹਰਜਿੰਦਰ ਸਿੰਘ ਧਾਮੀ ਦੇ ਨਾਲ ਹੈ। ਉਨ੍ਹਾਂ ਦੀ ਅਗਵਾਈ ਦੀ ਪੰਥ ਨੂੰ ਬੇਹੱਦ ਲੋੜ ਹੈ, ਉਸ ਭਾਵਨਾ ਨਾਲ ਅਸੀਂ ਉਨ੍ਹਾਂ ਨੂੰ ਬੇਨਤੀ ਕਰਕੇ ਆਏ ਹਾਂ। ਧਾਮੀ ਸਾਬ੍ਹ ਨੇ ਸਾਨੂੰ ਖੁੱਲ੍ਹਾ ਸਮਾਂ ਦਿੱਤਾ ਹੈ ਅਤੇ ਵਿਚਾਰ-ਚਰਚਾ ਕੀਤੀ ਹੈ। ਜੇਕਰ ਉਹ ਅੱਜ ਘਰ ਵੀ ਬੈਠੇ ਹਨ ਤਾਂ ਪੰਥ ਦੀ ਡਿਊਟੀ ‘ਤੇ ਹੀ ਹਨ। ਉਹ ਕੋਈ ਰੁਸ ਕੇ ਨਹੀਂ ਬੈਠੇ। ਅੱਜ ਵੀ ਉਸੇ ਤਰੀਕੇ ਨਾਲ ਉਨ੍ਹਾਂ ਦੇ ਮਨ ਵਿਚ ਸੇਵਾ ਭਾਵਨਾ ਹੈ। 

ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਸਾਬ੍ਹ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਵੱਡਾ ਸਤਿਕਾਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਕਾਬਲੀਅਤ ਕਰਕੇ, ਈਮਾਨਦਾਰੀ ਅਤੇ ਦੂਰਅੰਦੇਸ਼ੀ ਕਰਕੇ ਵੱਡੇ ਅਹੁਦਿਆਂ ‘ਤੇ ਸੇਵਾ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਜੋ ਘਟਨਾਕ੍ਰਮ ਪਿਛਲੇ ਦਿਨੀਂ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਵਿਚ ਹੋਇਆ ਹੈ, ਉਹ ਬੇਹੱਦ ਮੰਦਭਾਗਾ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਸਿਰਮੋਰ ਸੰਸਥਾ ਹੈ। ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਕਈ ਵੱਡੇ ਤਸ਼ੱਦਦ ਝਲ ਕੇ ਸਾਡੇ ਬਜ਼ੁਰਗਾਂ ਨੇ ਸ਼੍ਰੋਮਣੀ ਕਮੇਟੀ ਦੀ ਸੰਸਥਾ ਪੰਥ ਨੂੰ ਦਿੱਤੀ ਹੈ, ਜਿਸ ਦੀ ਉਦਾਹਰਣ ਕਿਤੇ ਵੀ ਨਹੀਂ ਮਿਲਦੀ। ਸਭ ਤੋਂ ਵੱਡਾ ਸਥਾਨ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਕਈ ਵਾਰ ਸਖ਼ਤ ਫ਼ੈਸਲੇ ਵੀ ਲੈਣੇ ਪੈਂਦੇ ਹਨ। ਕਈ ਵਾਰ ਗੱਲਾਂ ਕੁਝ ਮਨ ਵਿਚ ਆ ਜਾਂਦੀਆਂ ਹਨ, ਜੋ ਡੂੰਘਾ ਪ੍ਰਭਾਵ ਛੱਡਦੀਆਂ ਹਨ, ਜਿਸ ਕਰਕੇ ਵੱਡਾ ਫ਼ੈਸਲਾ ਉਨ੍ਹਾਂ ਨੇ ਲਿਆ ਹੈ। ਅਸੀਂ ਪਾਰਟੀ ਦੇ ਸੀਨੀਅਰ ਆਗੂਆਂ ਸਾਹਮਣੇ ਹਰਜਿੰਦਰ ਸਿੰਘ ਧਾਮੀ ਦੀਆਂ ਗੱਲਾਂ ਰੱਖਾਂਗੇ ਅਤੇ ਵਿਚਾਰ-ਚਰਚਾ ਕਰਾਂਗੇ।  ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਸਮੇਤ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਹੀਰਾ ਸਿੰਘ ਗਾਬੜੀਆ, ਕੁਲਵੰਤ ਸਿੰਘ ਮੰਨਣ, ਵਰਿੰਦਰ ਸਿੰਘ ਬਾਜਵਾ, ਜਤਿੰਦਰ ਸਿੰਘ ਲਾਲੀ ਬਾਜਵਾ ਹਰਜਿੰਦਰ ਸਿੰਘ ਧਾਮੀ ਦੇ ਘਰ ਪਹੁੰਚੇ ਸਨ।

By nishuthapar1

Leave a Reply

Your email address will not be published. Required fields are marked *