ਪੰਜਾਬ ਚ ਫ਼ਾਇਰ ਬ੍ਰਿਗੇਡ ਵਿਭਾਗ ਚ ਹੁਣ ਆਸਾਨੀ ਨਾਲ ਭਰਤੀ ਹੋ ਸਕਣਗੀਆਂ ਮਹਿਲਾਵਾਂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਫ਼ਾਇਰ ਬ੍ਰਿਗੇਡ ਵਿਭਾਗ ਵਿਚ ਮਹਿਲਾਵਾਂ ਲਈ ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਮਹੱਤਵਪੂਰਨ ਕਟੌਤੀ ਕੀਤੀ ਗਈ ਹੈ। ਇਸ ਕਦਮ ਨਾਲ ਮਹਿਲਾਵਾਂ ਪੁਰਸ਼ ਸਹਿ-ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰ ਸਕਣਗੀਆਂ ਤੇ ਅੱਗ ਤੋਂ ਪ੍ਰਭਾਵਤ ਲੋਕਾਂ ਨੂੰ ਬਚਾ ਸਕਣਗੀਆਂ। ਪੰਜਾਬ ਸਰਕਾਰ ਨੇ ਸਰੀਰਕ ਮਾਪਦੰਡਾਂ ਵਿਚ ਢਿੱਲ ਦੇ ਕੇ ਕੈਬਨਿਟ ਦੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ ਜਿਸ ਨਾਲ ਸੈਂਕੜੇ ਮਹਿਲਾਵਾਂ ਲਈ ਸੂਬੇ ਦੇ ਫ਼ਾਇਰ ਬ੍ਰਿਗੇਡ ਵਿਭਾਗ ਵਿਚ ਸ਼ਾਮਲ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ।

ਸੂਤਰਾਂ ਮੁਤਾਬਕ ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਇਸ ਮਾਮਲੇ ’ਤੇ ਚਰਚਾ ਹੋਈ ਸੀ ਜਿਸ ਵਿਚ ਅਧਿਕਾਰੀਆਂ ਨੇ ਮਹਿਲਾ ਉਮੀਦਵਾਰਾਂ ਲਈ ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋ ਦੀ ਕਟੌਤੀ ਕਰਨ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ। ਇਕ ਵਾਰ ਸਰਕਾਰੀ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਸੂਬੇ ਵਿਚ ਪ੍ਰੀਖਿਆ ਲਈ ਜਾਵੇਗੀ। ਇਸ ਫ਼ੈਸਲੇ ਦਾ ਵੱਡੇ ਪੱਧਰ ’ਤੇ ਸਵਾਗਤ ਕੀਤਾ ਗਿਆ ਹੈ।

ਦਰਅਸਲ, ਸਾਲ 2022 ਦਾ ਸਰੀਰਕ ਟੈਸਟ ਲਗਭਗ 1400 ਮਹਿਲਾਵਾਂ ਲਈ ਇਕ ਵੱਡਾ ਝਟਕਾ ਸੀ, ਜਿਨ੍ਹਾਂ 450 ਫ਼ਾਇਰ ਫ਼ਾਈਟਰ ਆਸਾਮੀਆਂ ਲਈ ਅਰਜ਼ੀਆਂ ਦਿਤੀਆਂ ਸਨ। ਉਨ੍ਹਾਂ ’ਚੋਂ ਕੋਈ ਵੀ ਮਹਿਲਾ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੀ ਸੀ। ਜਿਸ ਲਈ ਉਮੀਦਵਾਰਾਂ ਨੂੰ ਇਕ ਮਿੰਟ ਵਿਚ 100 ਗਜ਼ ਤੋਂ ਵੱਧ 60 ਕਿਲੋਗ੍ਰਾਮ ਭਾਰ ਚੁੱਕਣਾ ਲਾਜ਼ਮੀ ਸੀ। ਜਿਸ ਨਾਲ ਕਈ ਮਹਿਲਾਵਾਂ ਨੂੰ ਵਿਚਾਲੇ ਹੀ ਪ੍ਰੀਖਿਆ ਛੱਡਣੀ ਪਈ ਸੀ।

By Gurpreet Singh

Leave a Reply

Your email address will not be published. Required fields are marked *