ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨਜ਼ ਟਰਾਫੀ 2025 ਦਾ ਪੰਜਵਾਂ ਮੈਚ ਦੁਬਈ ਵਿੱਚ ਖੇਡਿਆ ਗਿਆ। ਜਿਸਵਿੱਚ 241 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ 6 ਵਿਕਟਾਂ ਨਾਲ ਪਾਕਿਸਤਾਨ ਨੂੰ ਹਰਾਇਆ।
ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨਸ ਟਰਾਫੀ ਵਿੱਚ ਲਗਾਤਾਰ ਦੂਜੇ ਮੈਚ ਵਿੱਚ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਦੁਬਈ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 241 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ 42.3 ਓਵਰਾਂ ‘ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ ਵਿਰਾਟ ਕੋਹਲੀ। ਭਾਰਤ ਲਈ ਵਿਰਾਟ ਕੋਹਲੀ ਨੇ ਜੇਤੂ ਦੌੜਾਂ ਬਣਾਈਆਂ। ਜਦੋਂ ਭਾਰਤ ਨੂੰ ਜਿੱਤ ਲਈ 2 ਦੌੜਾਂ ਦੀ ਲੋੜ ਸੀ ਤਾਂ ਕੋਹਲੀ ਸੈਂਕੜੇ ਤੋਂ 4 ਦੌੜਾਂ ਦੂਰ ਸਨ। ਕੋਹਲੀ ਨੇ ਵੀ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਭਾਰਤ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ।
ਭਾਰਤ ਨੇ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਨੂੰ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.4 ਓਵਰਾਂ ‘ਚ 10 ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਸਨ ਅਤੇ ਟੀਮ ਇੰਡੀਆ ਨੂੰ 242 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਭਾਰਤੀ ਬੱਲੇਬਾਜਾਂ ਨੇ ਬੜੀ ਆਸਾਨੀ ਦੇ ਨਾਲ ਪੂਰੀ ਕਰ ਲਿਆ। ਇਸ ਮੁਕਾਬਲੇ ਵਿੱਚ ਟੀਮ ਇੰਡੀਆ ਵੱਲੋਂ ਵਿਰਾਟ ਕੋਹਲੀ ਨੇ ਸ਼ਾਨਦਾਰ 100 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਨਾਲ ਅਈਅਰ ਨੇ ਵੀ 56 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਰਦਿਕ ਪੰਡੀਆ 8 ਦੌੜਾਂ ਬਣਾ ਕੇ ਆਊਟ ਹੋ ਗਏ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 46 ਦੌੜਾਂ ਬਣਾ ਕੇ ਅਬਰਾਰ ਅਹਿਮਦ ਅਤੇ ਕਪਤਾਨ ਰੋਹਿਤ ਸ਼ਰਮਾ 15 ਗੇਂਦਾਂ ‘ਚ 20 ਦੌੜਾਂ ਬਣਾ ਕੇ ਸ਼ਾਹੀਨ ਸ਼ਾਹ ਅਫਰੀਦੀ ਦੀ ਗੇਂਦ ‘ਤੇ ਬੋਲਡ ਹੋ ਗਏ।
ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਪਾਕਿਸਤਾਨ ਨੂੰ ਵਧੀਆ ਸ਼ੁਰੂਵਾਤ ਮਿਲੀ ਪਰ ਇਹ ਜ਼ਿਆਦਾ ਦੇਰ ਤਕ ਨਹੀਂ ਰਹੀ। ਪਾਕਿਸਤਾਨ ਲਈ ਸੌਦ ਸ਼ਕੀਲ ਨੇ 62 ਦੌੜਾਂ ਬਣਾਈਆਂ। ਮੁਹੰਮਦ ਰਿਜ਼ਵਾਨ ਨੇ 46 ਦੌੜਾਂ ਬਣਾਈਆਂ। ਖੁਸ਼ਦਿਲ ਸ਼ਾਹ ਨੇ 38 ਦੌੜਾਂ ਬਣਾਈਆਂ। ਇਮਾਮ ਉਲ ਹੱਕ 10, ਬਾਬਰ ਆਜ਼ਮ 23, ਸਲਮਾਨ ਆਗਾ 19, ਤਇਅਬ ਤਾਹਿਰ 4, ਨਸੀਮ ਸ਼ਾਹ 14 ਅਤੇ ਹਰਿਸ ਰਾਊਫ 8 ਦੌੜਾਂ ਬਣਾ ਕੇ ਆਊਟ ਹੋਏ। ਸ਼ਾਹੀਨ ਅਫਰੀਦੀ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਹੇ ਅਤੇ ਅਬਰਾਰ ਅਹਿਮਦ ਖਾਤਾ ਖੋਲ੍ਹੇ ਬਿਨਾਂ ਨਾਬਾਦ ਰਹੇ। ਭਾਰਤ ਲਈ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਹਰਸ਼ਿਤ ਰਾਣਾ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ 1-1 ਵਿਕਟ ਲਈ। ਅਕਸ਼ਰ ਪਟੇਲ ਨੇ 2 ਰਨ ਆਊਟ ਕੀਤੇ।