ਪੰਜਾਬ ‘ਚ ਚੱਲਣ ਵਾਲੀ ਇਹ ਮੁਫ਼ਤ ਬੱਸ ਸੇਵਾ ਅੱਜ ਤੋਂ ਅਗਲੇ ਹੁਕਮਾਂ ਤੱਕ ਬੰਦ, ਝੱਲਣੀ ਪਵੇਗੀ ਪਰੇਸ਼ਾਨੀ

ਨੂਰਪੁਰਬੇਦੀ – ਪੀ. ਜੀ. ਆਈ. ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੀ. ਜੀ. ਆਈ. ਨੂੰ ਚੱਲ ਰਹੀ ਮੁਫ਼ਤ ਬੱਸ ਸੇਵਾ ਨੂੰ ਅੱਜ ਤੋਂ ਅਗਲੇ ਹੁਕਮਾਂ ਲਈ ਬੰਦ ਰਹੇਗੀ। ਸ੍ਰੀ ਗੁਰੂ ਰਾਮ ਦਾਸ ਸਮਾਜ ਸੇਵਾ, ਸਪੋਰਟਸ, ਕਲਚਰਲ ਅਤੇ ਵੈੱਲਫ਼ੇਅਰ ਸੋਸਾਇਟੀ ਨੂਰਪੁਰਬੇਦੀ ਵੱਲੋਂ ਖੇਤਰ ਵਾਸੀਆਂ ਦੇ ਸਹਿਯੋਗ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਇਲਾਜ ਲਈ ਚੰਡੀਗੜ੍ਹ ਵਿਖੇ ਲਿਜਾਉਣ ’ਤੇ ਵਾਪਸ ਲਿਆਉਣ ਲਈ ਨਿਸ਼ਕਾਮ ਸੇਵਾ ਤਹਿਤ ਹਿਮਾਚਲ ਪ੍ਰਦੇਸ਼ ਦੇ ਕਸਬਾ ਦੇਹਲਾਂ ਤੋਂ ਵਾਇਆ ਨੂਰਪੁਰਬੇਦੀ ਵਿਖੇ ਹੋ ਕੇ ਚਲਾਈ ਜਾ ਰਹੀ ਮੁਫ਼ਤ ਪੀ. ਜੀ. ਆਈ. ਬੱਸ ਸੇਵਾ ਨੂੰ ਕੁਝ ਤਕਨੀਕੀ ਕਾਰਨਾਂ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ 24 ਫਰਵਰੀ ਦਿਨ ਸੋਮਵਾਰ ਤੋਂ ਅਗਲੇ ਪ੍ਰਬੰਧਾਂ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਸੋਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਨੇ ਦੱਸਿਆ ਕਿ ਦੇਹਲਾਂ ਤੋਂ ਸਵੇਰੇ 3.45 ਵਜੇ ਵਾਇਆ ਨਵਾਂ ਨੰਗਲ, ਭਲਾਣ, ਕਲਵਾਂ ਅਤੇ ਨੂਰਪੁਰਬੇਦੀ ਸਹਿਤ ਖੇਤਰ ਦੇ ਹੋਰਨਾਂ ਪਿੰਡਾਂ ’ਚੋਂ ਹੋ ਕੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜਾਣ ਵਾਲੀ ਬੱਸ ’ਚ ਕੁਝ ਤਕਨੀਕੀ ਨੁਕਸ ਪੈ ਜਾਣ ਕਾਰਨ ਉਕਤ ਬੱਸ ਸੇਵਾ ਨੂੰ ਸੋਮਵਾਰ ਤੋਂ ਅਗਲੇ ਪ੍ਰਬੰਧਾਂ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਜਲਦ ਸੋਸਾਇਟੀ ਵੱਲੋਂ ਇਕ ਹੋਰ ਬੱਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਤਦ ਤੱਕ ਇਹ ਸੇਵਾ ਬੰਦ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੂਰਪੁਰਬੇਦੀ ਖੇਤਰ ਦੇ ਕਸਬਾ ਕਾਹਨਪੁਰ ਖ਼ੂਹੀ ਤੋਂ ਸਵੇਰੇ 4 ਵਜੇ ਚੱਲਣ ਵਾਲੀ ਦੂਜੀ ਮੁਫ਼ਤ ਪੀ. ਜੀ. ਆਈ. ਬੱਸ ਸੇਵਾ ਨਿਰਵਿਘਨ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿ ਬੰਦ ਕੀਤੀ ਗਈ ਬੱਸ ਸੇਵਾ ਦੇ ਬਹਾਲ ਹੋਣ ਸਬੰਧੀ ਵੀ ਸੰਗਤ ਅਤੇ ਮਰੀਜ਼ਾਂ ਨੂੰ ਸੂਚਨਾ ਦੇ ਦਿੱਤੀ ਜਾਵੇਗੀ।

By nishuthapar1

Leave a Reply

Your email address will not be published. Required fields are marked *