ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਵਿਦਿਆਰਥਣ ਨੀਲਮ ਸ਼ਿੰਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਉਸ ਦੇ ਸਿਰ, ਹੱਥ, ਲੱਤ ਅਤੇ ਛਾਤੀ ਵਿੱਚ ਭਾਰੀ ਸੱਟਾਂ ਆਈਆਂ, ਜਿਸ ਕਰਕੇ ਤੁਰੰਤ ਐਮਰਜੈਂਸੀ ਸਰਜਰੀ ਕਰਨੀ ਪਈ। ਹਾਦਸੇ ਨੂੰ ਲੈ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਹਾਦਸੇ ਦੀ ਖ਼ਬਰ ਉਸ ਦੇ ਪਰਿਵਾਰ ਨੂੰ ਦੋ ਦਿਨ ਬਾਅਦ ਮਿਲੀ, ਜਦੋਂ ਉਸ ਦੀ ਰੂਮਮੇਟ ਅਤੇ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਹਸਪਤਾਲ ਨੇ ਵੀ ਪਰਿਵਾਰ ਨੂੰ ਅਮਰੀਕਾ ਆਉਣ ਲਈ ਤੁਰੰਤ ਅਪੀਲ ਕੀਤੀ, ਤਾਂ ਜੋ ਉਹ ਇਸ ਮੁਸ਼ਕਲ ਸਮੇਂ ਦੌਰਾਨ ਨੀਲਮ ਦੇ ਨਾਲ ਰਹਿ ਸਕਣ। ਪਰਿਵਾਰ ਨੇ ਵੀਜ਼ਾ ਲੈਣ ਲਈ ਤੁਰੰਤ ਯਤਨ ਸ਼ੁਰੂ ਕਰ ਦਿੱਤੇ, ਪਰ ਅਮਰੀਕਾ ਜਾਣ ਲਈ ਉਨ੍ਹਾਂ ਨੂੰ ਵੱਡੀ ਮੁਸ਼ਕਲ ਆ ਰਹੀ ਸੀ।ਪਰਿਵਾਰ ਨੇ ਭਾਰਤੀ ਅਧਿਕਾਰੀਆਂ ਕੋਲ ਮਦਦ ਦੀ ਮੰਗ ਕੀਤੀ। ਉਨ੍ਹਾਂ ਨੇ ਪਾਸਪੋਰਟ ਦਫ਼ਤਰ ਤੋਂ ਲੈ ਕੇ ਕੇਂਦਰੀ ਮੰਤਰੀ ਅਤੇ ਸਾਬਕਾ ਵਿਧਾਇਕਾਂ ਤੱਕ ਪਹੁੰਚ ਬਣਾਈ, ਤਾਂ ਜੋ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ। ਇਸ ਦੌਰਾਨ, ਨੀਲਮ ਦੀ ਮਾਂ ਦਾ ਦੇਹਾਂਤ ਵੀ ਹੋ ਗਿਆ, ਜਿਸ ਕਰਕੇ ਪਰਿਵਾਰ ਦੀ ਪਰੇਸ਼ਾਨੀ ਹੋਰ ਵਧ ਗਈ।
ਭਾਰਤ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਪਰਿਵਾਰ ਲਈ ਐਮਰਜੈਂਸੀ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ ਤੇ ਹੁਣ ਵੀਜ਼ਾ ਮਿਲ ਚੁੱਕਾ ਹੈ।
