ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਪਿੰਡ ਕਾਸਾਬਾਦ ਦੇ ਰਹਿਣ ਵਾਲੇ ਇਕ ਵਪਾਰੀ ’ਤੇ ਬੀਤੀ ਰਾਤ ਕਰੀਬ 12 ਵਜੇ 4 ਅਣਪਛਾਤੇ ਨੌਜਵਾਨਾਂ ਨੇ ਉਸ ਦੀ ਕਾਰ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਵਪਾਰੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਲਾਇਸੈਂਸੀ ਪਿਸਤੌਲ ਨਾਲ ਹਵਾਈ ਫਾਇਰ ਕੀਤਾ, ਜਿਸ ਤੋਂ ਬਾਅਦ ਸਾਰੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।
ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਕਾਸਾਬਾਦ ਦੇ ਰਹਿਣ ਵਾਲੇ ਵਪਾਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਉਹ ਇਕ ਵਿਆਹ ਸਮਾਗਮ ’ਚ ਸ਼ਾਮਲ ਹੋ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਕਿ ਜਦੋਂ ਉਹ ਆਪਣੇ ਪਿੰਡ ਨੇੜੇ ਪਹੁੰਚਿਆ ਤਾਂ ਸੜਕ ਕਿਨਾਰੇ 4 ਅਣਪਛਾਤੇ ਨੌਜਵਾਨ ਖੜ੍ਹੇ ਸਨ। ਜਦੋਂ ਉਸ ਨੇ ਆਪਣੀ ਕਾਰ ਹੌਲੀ ਕੀਤੀ ਤਾਂ ਉਕਤ ਨੌਜਵਾਨਾਂ ਨੇ ਵਪਾਰੀ ਕੁਲਦੀਪ ਸਿੰਘ ਦੀ ਕਾਰ ’ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਆਪਣਾ ਲਾਇਸੈਂਸੀ ਪਿਸਤੌਲ ਕੱਢ ਕੇ ਹਵਾ ’ਚ ਫਾਇਰ ਕਰ ਦਿੱਤਾ ਤਾਂ ਮੁਲਜ਼ਮ ਫਰਾਰ ਹੋ ਗਏ।
ਇਸ ਤੋਂ ਬਾਅਦ ਉਹ ਆਪਣੇ ਘਰ ਪਹੁੰਚ ਗਏ ਅਤੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਪੀੜਤ ਨੇ ਦੱਸਿਆ ਕਿ ਉਕਤ ਇਲਾਕੇ ’ਚ ਅਕਸਰ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਉਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀਆਂ ਨੇ ਰਾਤ ਸਮੇਂ ਲੁੱਟ ਕਰਨ ਲਈ ਹੀ ਉਸ ਦੀ ਕਾਰ ’ਤੇ ਹਮਲਾ ਕੀਤਾ ਸੀ। ਪੀੜਤ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਉਸ ਨੇ ਇਸ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਪੁਲਸ ਚੌਕੀ ਐਲਡੀਕੋ ਅਸਟੇਟ ’ਚ ਦਰਜ ਕਰਵਾਈ ਹੈ।ਜਦੋਂ ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।