ਸਮਰਾਲਾ, 5 ਮਾਰਚ (ਗੁਰਪ੍ਰੀਤ ਸਿੰਘ) – ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ‘ਤੇ ਅੱਜ ਚੰਡੀਗੜ੍ਹ ‘ਚ ਲਗਾਏ ਜਾਣ ਵਾਲੇ ਧਰਨੇ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਵੱਲ ਜਾਣ ਵਾਲੇ ਕਰੀਬ 300 ਕਿਸਾਨਾਂ ਨੂੰ ਸਮਰਾਲਾ ‘ਚ ਪੁਲਿਸ ਨੇ ਰੋਕ ਲਿਆ ਹੈ ਅਤੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ।
ਥਾਣਾ ਸਮਰਾਲਾ ਦੀ ਪੁਲਿਸ ਚੌਂਕੀ ਹੇਡੋ ਨੇੜੇ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ 100 ਤੋਂ ਵੱਧ ਪੁਲਿਸ ਕਰਮਚਾਰੀਆਂ ਵੱਲੋਂ ਸਖਤ ਨਾਕਾਬੰਦੀ ਕੀਤੀ ਹੋਈ ਹੈ। ਡੀਆਈਜੀ ਲੁਧਿਆਣਾ ਰੇਂਜ ਮੈਡਮ ਨਿਲਾਂਬਰੀ ਜਗਦਲੇ ਖੁਦ ਇਸ ਨਾਕੇ ਤੇ ਹਾਜ਼ਰ ਹਨ ਅਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕਾਰਵਾਈ ਦੀ ਅਗਵਾਈ ਕਰ ਰਹੇ ਹਨ।
ਹੁਣ ਤੋਂ ਕਰੀਬ ਇੱਕ ਘੰਟਾ ਪਹਿਲਾਂ ਟਰੈਕਟਰ ਟਰਾਲੀਆਂ ਅਤੇ ਹੋਰ ਕਈ ਵਾਰਨਾਂ ਰਾਹੀਂ ਚੰਡੀਗੜ੍ਹ ਵੱਲ ਕੂਚ ਕਰ ਰਹੇ 300 ਕਿਸਾਨਾਂ ਨੂੰ ਇੱਥੇ ਰੋਕ ਲਿਆ ਗਿਆ ਅਤੇ ਪੁਲਿਸ ਵੱਲੋਂ ਉਹਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਮੌਕੇ ਡੀਆਈਜੀ ਮੈਡਮ ਨੇ ਨਿਲਾਂਬਰੀ ਜਗਦਲੇ ਨੇ ਦੱਸਿਆ, ਕਿਸ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਕਿਸਾਨ ਅੱਗੇ ਵਧਣ ਤੋਂ ਰੋਕ ਲਏ ਹਨ ਅਤੇ ਉਹ ਸ਼ਾਂਤਮਈ ਤਰੀਕੇ ਨਾਲ ਇੱਥੇ ਸੜਕ ਦੇ ਇੱਕ ਸਾਈਡ ਤੇ ਹੀ ਬੈਠੇ ਹਨ। ਉਹਨਾਂ ਆਖਿਆ ਕਿ ਸਰਕਾਰ ਦੀ ਇਹ ਸਖਤ ਹਦਾਇਤ ਹੈ ਕਿ ਕਿਸੇ ਵੀ ਕਿਸਾਨ ਨੂੰ ਮੋਹਾਲੀ ਚੰਡੀਗੜ੍ਹ ਹੱਦ ਵੱਲ ਵਧਣ ਨਹੀਂ ਦਿੱਤਾ ਜਾਵੇਗਾ।

ਫਿਲਹਾਲ ਪੁਲਿਸ ਸਮਰਾਲਾ ਦੇ ਹੇਡੋ ਪੁਲਿਸ ਚੌਂਕੀ ਅਤੇ ਕਈ ਹੋਰ ਥਾਵਾਂ ਤੇ ਨਾਕਾਬੰਦੀ ਕਰਕੇ ਚੰਡੀਗੜ੍ਹ ਧਰਨੇ ਤੇ ਜਾ ਰਹੇ ਕਿਸਾਨਾਂ ਨੂੰ ਥਾਂ-ਥਾਂ ਰੋਕਣ ਵਿੱਚ ਜੁਟੀ ਹੋਈ ਹੈ।
