ਰਮਜ਼ਾਨ ‘ਚ ਚਿਕਨ ਹੋਇਆ ਮਹਿੰਗਾ, ਅਸਮਾਨੀ ਚੜ੍ਹੇ ਭਾਅ, ਜਾਣੋ ਕਿੰਨੀ ਵਧੀ ਕੀਮਤ

ਨਵੀਂ ਦਿੱਲੀ : ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਭਾਰੀ ਮਹਿੰਗਾਈ ‘ਚ ਮੁਸ਼ਕਲ ਨਾਲ ਗੁਜ਼ਾਰਾ ਕਰਨ ਵਾਲੇ ਪਾਕਿਸਤਾਨੀ ਲੋਕਾਂ ਦੀ ਪਰੇਸ਼ਾਨੀ ਲਗਾਤਾਰ ਵਧ ਰਹੀ ਹੈ। ਇੱਥੇ ਚਿਕਨ ਦੀ ਕੀਮਤ ਵਿਚ ਭਾਰੀ ਵਾਧਾ ਹੋ ਗਿਆ ਹੈ। ਰਮਜ਼ਾਨ ਦੇ ਮੌਕੇ ‘ਤੇ ਆਮ ਪਾਕਿਸਤਾਨੀ ਲੋਕਾਂ ਲਈ ਚਿਕਨ ਖਰੀਦਣਾ ਮੁਸ਼ਕਿਲ ਹੋ ਗਿਆ ਹੈ। ਕਈ ਥਾਵਾਂ ‘ਤੇ ਕੀਮਤਾਂ ‘ਚ 50 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ।

ਜਾਣੋ ਚਿਕਨ ਦੀ ਕੀਮਤ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਚਿਕਨ ਦੀ ਕੀਮਤ ‘ਚ ਭਾਰੀ ਵਾਧਾ ਹੋ ਗਿਆ ਹੈ। ਬਰਾਇਲਰ ਚਿਕਨ ਦੀ ਕੀਮਤ 100 ਤੋਂ 150 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ ਲਗਭਗ 730 ਤੋਂ 800 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਰਮਜ਼ਾਨ ਤੋਂ ਪਹਿਲਾਂ ਚਿਕਨ ਦੀ ਕੀਮਤ 600 ਤੋਂ 650 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਸੀ। ਪਾਕਿਸਤਾਨ ‘ਚ ਕਈ ਥਾਵਾਂ ‘ਤੇ ਚਿਕਨ ਦੀ ਕੀਮਤ ਲਗਭਗ 900 ਪਾਕਿਸਤਾਨੀ ਰੁਪਏ ਵੀ ਪਹੁੰਚ ਗਈ ਹੈ।

ਸਰਕਾਰ ਨੇ ਚੁੱਕਿਆ ਇਹ ਕਦਮ

ਕੀਮਤਾਂ ‘ਤੇ ਕੰਟਰੋਲ ਬਣਾਈ ਰੱਖਣ ਲਈ ਸਰਕਾਰ ਨੇ ਇਸ ਦੀ ਕੀਮਤ ਤੈਅ ਕਰ ਦਿੱਤੀ ਹੈ ਪਰ ਪ੍ਰਚੂਨ ਬਾਜ਼ਾਰਾਂ ਵਿੱਚ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਾਜ਼ਾਰ ਵਿਚ ਸਰਕਾਰੀ ਐਲਾਨ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਅਤੇ ਦੁਕਾਨਦਾਰ ਸਰਕਾਰੀ ਭਾਅ ਤੋਂ ਕਿਤੇ ਵੱਧ ਕੀਮਤ ‘ਤੇ ਚਿਕਨ ਦੀ ਵਿਕਰੀ ਕਰ ਰਹੇ ਹਨ।  ਕਰਾਚੀ ਪ੍ਰਸ਼ਾਸਨ ਨੇ ਚਿਕਨ ਦੀ ਅਧਿਕਾਰਤ ਕੀਮਤ 650 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਤੈਅ ਕੀਤੀ ਹੈ। ਪਰ ਸਥਾਨਕ ਦੁਕਾਨਦਾਰ ਇਸ ਤੋਂ ਵੱਧ ਕੀਮਤ ‘ਤੇ ਚਿਕਨ ਵੇਚ ਰਹੇ ਹਨ। ਚਿਕਨ ਇੰਨਾ ਮਹਿੰਗਾ ਹੋਣ ਕਾਰਨ ਬਹੁਤ ਸਾਰੇ ਲੋਕ ਇਸ ਨੂੰ ਖਰੀਦਣ ਦੇ ਸਮਰੱਥ ਨਹੀਂ ਹਨ।

ਮੰਗ ਵਿੱਚ ਵਾਧਾ

ਰਮਜ਼ਾਨ ਦੌਰਾਨ ਚਿਕਨ ਦੀ ਮੰਗ 40 ਫ਼ੀਸਦੀ ਤੱਕ ਵਧ ਗਈ ਹੈ। ਇਸ ਕਾਰਨ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੰਗ ਜ਼ਿਆਦਾ ਵਧਣ ‘ਤੇ ਇਸ ਦੀ ਕੀਮਤ ਹੋਰ ਵਧ ਸਕਦੀ ਹੈ। ਅਜਿਹੇ ‘ਚ ਇਸ ਦੀ ਕੀਮਤ ‘ਚ ਕਟੌਤੀ ਦੇ ਸੰਕੇਤ ਨਹੀਂ ਹਨ।

ਪਾਕਿਸਤਾਨ ਦੀ ਆਰਥਿਕ ਹਾਲਤ ਖਰਾਬ 

ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਖਰਾਬਹੋਣ ਕਾਰਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ 7 ਬਿਲੀਅਨ ਡਾਲਰ ਦੇ ਕਰਜ਼ੇ ‘ਤੇ ਨਿਰਭਰ ਹੈ। ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਰਜ਼ੇ ਬਾਰੇ ਆਈਐਮਐਫ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਜੇਕਰ ਇਹ ਗੱਲਬਾਤ ਸਫਲ ਹੁੰਦੀ ਹੈ ਤਾਂ ਪਾਕਿਸਤਾਨ ਨੂੰ ਇਕ ਅਰਬ ਡਾਲਰ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ। ਕਰਜ਼ੇ ਦੀ ਬਾਕੀ ਰਕਮ ਅਗਲੇ ਤਿੰਨ ਸਾਲਾਂ ਵਿੱਚ ਜਾਰੀ ਕੀਤੀ ਜਾਵੇਗੀ।

By Rajeev Sharma

Leave a Reply

Your email address will not be published. Required fields are marked *