ਲਖਨਊ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਨਾਲ ਸਬੰਧ ਰੱਖਣ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਇਕ ਸਰਗਰਮ ਅੱਤਵਾਦੀ ਨੂੰ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ। ਇਸ ਅੱਤਵਾਦੀ ਦਾ ਨਾਂ ਲਜ਼ਰ ਮਸੀਹ ਹੈ। ਉੱਤਰ ਪ੍ਰਦੇਸ਼ ਦੇ ਡੀ. ਜੀ. ਪੀ. ਪ੍ਰਸ਼ਾਂਤ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਅੱਤਵਾਦੀ ਮਸੀਹ ਮਹਾਕੁੰਭ ਦੌਰਾਨ ਅਸ਼ਾਂਤੀ ਫੈਲਾਅ ਕੇ ਹਮਲਾ ਕਰਨਾ ਚਾਹੁੰਦਾ ਸੀ ਅਤੇ ਭਾਰਤ ਤੋਂ ਫਰਾਰ ਹੋਣਾ ਚਾਹੁੰਦਾ ਸੀ। ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਕਾਰਜ ਬਲ (STF) ਅਤੇ ਪੰਜਾਬ ਪੁਲਸ ਦੀ ਸਾਂਝੀ ਮੁਹਿੰਮ ਵਿਚ ਅੱਜ ਤੜਕੇ ਕੌਸ਼ਾਂਬੀ ਜ਼ਿਲ੍ਹੇ ਤੋਂ ਅੱਤਵਾਦੀ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਰਤਗਾਲ ‘ਚ ਸ਼ਰਨ ਲੈਣਾ ਚਾਹੁੰਦਾ ਸੀ ਮਸੀਹ
ਡੀ. ਜੀ. ਪੀ. ਕੁਮਾਰ ਨੇ ਕਿਹਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇਸ ਅੱਤਵਾਦੀ ਦੀ ਗ੍ਰਿਫ਼ਤਾਰੀ ਨਾਲ ਪਾਕਿਸਤਾਨ ਤੋਂ ਭਾਰਤ ‘ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਪੁਸ਼ਟੀ ਵੀ ਹੋਈ ਹੈ। ਡੀ. ਜੀ. ਪੀ. ਨੇ ਕਿਹਾ ਕਿ ਮਸੀਹ ਨੇ ਪ੍ਰਯਾਗਰਾਜ ਵਿਚ ਮਹਾਕੁੰਭ ਦੌਰਾਨ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ ਧਾਰਮਿਕ ਆਯੋਜਨ ਵਿਚ ਸਖ਼ਤ ਸੁਰੱਖਿਆ ਜਾਂਚ ਦੌਰਾਨ ਉਹ ਆਪਣੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇ ਸਕਿਆ। ਸਾਜ਼ਿਸ਼ ਨੂੰ ਅੰਜਾਮ ਨਾ ਦੇ ਸਕਣ ਮਗਰੋਂ ਮਸੀਹ ਦਾ ਇਰਾਦਾ ਫਰਜ਼ੀ ਪਾਸਪੋਰਟ ਦੀ ਵਰਤੋਂ ਕਰ ਕੇ ਭਾਰਤ ਤੋਂ ਫ਼ਰਾਰ ਹੋਣ ਅਤੇ ਪੁਰਤਗਾਲ ‘ਚ ਸ਼ਰਨ ਲੈਣਾ ਸੀ।
ਮਸੀਹ ਪਾਕਿਸਤਾਨ ‘ਚ ਤਿੰਨ ISI ਏਜੰਟਾਂ ਦੇ ਸੰਪਰਕ ‘ਚ ਸੀ
ਡੀ. ਜੀ. ਪੀ ਨੇ ਦੱਸਿਆ ਕਿ ਮਸੀਹ ਪਾਕਿਸਤਾਨ ‘ਚ ਤਿੰਨ ISI ਏਜੰਟਾਂ ਦੇ ਸੰਪਰਕ ‘ਚ ਸੀ ਅਤੇ ਪਹਿਲਾਂ ਵੀ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਦੇ ਮਾਮਲਿਆਂ ‘ਚ ਜੇਲ੍ਹ ਗਿਆ ਸੀ ਪਰ 24 ਸਤੰਬਰ 2024 ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਦੌਰਾਨ ਫਰਾਰ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਫਰਾਰ ਹੋਣ ਤੋਂ ਬਾਅਦ ਉਸ ਨੇ 23 ਅਕਤੂਬਰ 2024 ਨੂੰ ਪੰਜਾਬ ਦੇ ਬਟਾਲਾ ‘ਚ ਸਵਰਨ ਸਿੰਘ ਉਰਫ ਜੀਵਨ ਫੌਜੀ ਦੇ ਕਹਿਣ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਉਹ ਸੋਨੀਪਤ ਅਤੇ ਦਿੱਲੀ ‘ਚ ਲੁਕਿਆ ਰਿਹਾ।
ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਸੰਪਰਕ ‘ਚ ਸੀ
ਉੱਤਰ ਪ੍ਰਦੇਸ਼ ਪੁਲਸ ਮੁਤਾਬਕ ਮਸੀਹ ਅਮਰੀਕਾ ਆਧਾਰਿਤ ਖਾਲਿਸਤਾਨੀ ਅੱਤਵਾਦੀ ਅਤੇ ਕਤਰ ‘ਚ ਲੁਕੇ ਇਕ ਹੋਰ ਅੱਤਵਾਦੀ ਨਾਲ ਜੁੜੇ ਅਜਨਾਲਾ ਆਧਾਰਿਤ ਵਿਅਕਤੀ ਦੇ ਲਗਾਤਾਰ ਸੰਪਰਕ ਵਿਚ ਸੀ। ਪੁਲਸ ਨੇ ਕਿਹਾ ਕਿ ਉਸ ਨੇ ਫਰਜ਼ੀ ਫੋਰਮਾਂ ਰਾਹੀਂ ਗੱਲਬਾਤ ਕੀਤੀ ਅਤੇ ਉਸ ਦੇ ਮੋਬਾਈਲ ਫੋਨ ਦੇ ਡਾਟਾ ਦਾ STF ਸਾਈਬਰ ਲੈਬ ‘ਚ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਡੀ. ਜੀ. ਪੀ. ਕੁਮਾਰ ਨੇ ਕਿਹਾ ਕਿ ਮਸੀਹ ਅੱਤਵਾਦੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਵਾਉਣ ਲਈ ਪੰਜਾਬ ਤੋਂ ਆਪਣੇ ਡਰੱਗ ਅਤੇ ਫਿਰੌਤੀ ਗਿਰੋਹ ਦੀ ਵਰਤੋਂ ਕਰ ਰਿਹਾ ਸੀ। ਉਹ ਮੁਕਤਸਰ ਜੇਲ੍ਹ ‘ਚ ਇਕ ਸਾਥੀ ਕੈਦੀ ਰਾਹੀਂ ISI ਦੇ ਲੋਕਾਂ ਦੇ ਸੰਪਰਕ ਵਚ ਆਇਆ ਸੀ। ਕੈਦੀ ਨੇ ਉਸ ਨੂੰ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਲੋਕਾਂ ਦੇ ਸੰਪਰਕ ‘ਚ ਰੱਖਿਆ।