ਮੋਗਾ/ਨਿਹਾਲ ਸਿੰਘ ਵਾਲਾ : ਮੋਗਾ ਦੇ ਨਿਹਾਲ ਸਿੰਘ ਵਾਲਾ ਵਿਖੇ ਬੱਚਿਆਂ ਨਾਲ ਭਰੀ ਸਕੂਲ ਬੱਸ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਸਕੂਲ ਬੱਸ ਵਿਚ 40 ਦੇ ਕਰੀਬ ਬੱਚੇ ਸਵਾਰ ਸਨ। ਇਹ ਬੱਸ ਸਰਕਾਰੀ ਐਮੀਨੈਂਸ ਸਕੂਲ ਨਿਹਾਲ ਸਿੰਘ ਵਾਲਾ ਦੀ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸਕੂਲ ਬੱਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦੌਰਾਨ ਅਚਾਨਕ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਵਿਚ ਪਲਟ ਗਈ।
ਹਾਦਸੇ ਤੋਂ ਬਾਅਦ ਚੀਕ ਚਿਹਾੜਾ ਮਚ ਗਿਆ ਅਤੇ ਬੱਚਿਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਲੋਕ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਸ ਵੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਬੱਚਿਆਂ ਨੂੰ ਹਸਪਤਾਲ ਭਿਜਵਾਇਆ। ਹਾਦਸੇ ਵਿਚ ਕੁਝ ਬੱਚਿਆਂ ਦੇ ਸੱਟਾਂ ਲੱਗੀਆਂ ਹਨ।
