ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸੰਜੇ ਸਿੰਘ ਅੱਜ ਆਪਣੇ ਸਾਥੀਆਂ ਸਮੇਤ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਦਾ ਕਮਲ ਕਿਸ਼ੋਰ ਪਹਿਲਵਾਨ, ਰਮਨ ਬਖ਼ਸ਼ੀ ਅਤੇ ਹੋਰ ਲੋਕਾਂ ਵਲੋਂ ਉਤਸ਼ਾਹਪੂਰਵਕ ਸਵਾਗਤ ਕੀਤਾ ਗਿਆ। ਸੰਜੇ ਸਿੰਘ ਨੇ ਪੰਜਾਬ ‘ਚ ਕੁਸ਼ਤੀ ਦੇ ਘਟਦੇ ਰੁਝਾਨ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪਹਿਲੇ ਪੰਜਾਬ ਨੂੰ ਕੁਸ਼ਤੀ ਦਾ ਗੜ੍ਹ ਮੰਨਿਆ ਜਾਂਦਾ ਸੀ ਅਤੇ ਇਥੇ ਤੋਂ ਗਾਮਾ ਪਹਿਲਵਾਨ, ਦਾਰਾ ਸਿੰਘ, ਕਰਤਾਰ ਸਿੰਘ, ਜੋਗਿੰਦਰ ਟਾਈਗਰ ਵਰਗੇ ਸ਼ਾਨਦਾਰ ਮੁੱਕੇਬਾਜ਼ ਅਤੇ ਪਹਿਲਵਾਨ ਨਿਕਲੇ, ਪਰ ਹੁਣ ਹਾਲਾਤ ਵੱਖਰੇ ਹਨ।
ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਸੰਘ ਦੁਬਾਰਾ ਪੰਜਾਬ ਵਿੱਚ ਇਹ ਖੇਡ ਉਭਾਰਨ ਲਈ ਵੱਡੇ ਕਦਮ ਚੁੱਕੇਗਾ। ਨਵੀਂ ਕੁਸ਼ਤੀ ਅਕੈਡਮੀਆਂ, ਤਜਰਬੇਕਾਰ ਕੋਚ, ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਨਵੀਂ ਪੀੜ੍ਹੀ ਆਪਣੇ ਅਖਾੜਿਆਂ, ਮਾਪਿਆਂ ਅਤੇ ਉਸਤਾਦਾਂ ਦਾ ਨਾਮ ਰੋਸ਼ਨ ਕਰ ਸਕੇ।
ਪ੍ਰਧਾਨ ਨੇ ਕਿਹਾ ਕਿ ਨਸ਼ਿਆਂ ਅਤੇ ਬੇਰੋਜ਼ਗਾਰੀ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਖੇਡਾਂ, ਖ਼ਾਸ ਕਰਕੇ ਕੁਸ਼ਤੀ, ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਮਾਝਾ ਖੇਤਰ ਕੁਸ਼ਤੀ ਦਾ ਮੂਲ ਕੇਂਦਰ ਸੀ, ਪਰ ਸਰਕਾਰੀ ਬੇਧਿਆਨਤੀਆਂ ਕਾਰਨ ਹੁਣ ਇਹ ਪਿੱਛੇ ਰਹਿ ਗਿਆ ਹੈ।ਸੰਘ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਪਹਿਲਵਾਨਾਂ ਲਈ ਨੌਕਰੀਆਂ ਦੇ ਮੌਕੇ ਬਣਾਉਣ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਵੇਂ ਮੁਕਾਬਲੇ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਪਹਿਲਵਾਨੀ ਮੁਹੱਬਤ ਨਹੀਂ, ਮਿਹਨਤ ਮੰਗਦੀ ਹੈ”
ਸੰਜੇ ਸਿੰਘ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ ਕਿਹਾ, “ਜੇਕਰ ਤੁਸੀਂ ਮੇਹਨਤ ਕਰੋ, ਤਾਂ ਤੁਸੀਂ ਵੀ ਭਵਿੱਖ ਦੇ ਚੈਂਪੀਅਨ ਬਣ ਸਕਦੇ ਹੋ।” ਉਨ੍ਹਾਂ ਨੇ ਪੰਜਾਬ ਦੀ ਕੁਸ਼ਤੀ ਸੰਘ ਅਤੇ ਅਖਾੜਿਆਂ ਨੂੰ ਨਵੇਂ ਟੈਲੈਂਟ ਨੂੰ ਉਭਾਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।ਇਸ ਐਲਾਨ ਤੋਂ ਬਾਅਦ ਉਮੀਦ ਹੈ ਕਿ ਪੰਜਾਬ ਵਿੱਚ ਦੁਬਾਰਾ ਕੁਸ਼ਤੀ ਦਾ ਗੋਲਡਨ ਦੌਰ ਆ ਸਕਦਾ ਹੈ।
