ਨੈਸ਼ਨਲ ਟਾਈਮਜ਼ ਬਿਊਰੋ :- ਬਲਾਕ ਭਗਤਾ ਭਾਈ ਦੇ ਪਿੰਡ ਸਿਰੀਏਵਾਲਾ ਦੀ ਜੰਮਪਲ ਹੋਣਹਾਰ ਕ੍ਰਿਕਟ ਖਿਡਾਰਨ ਅਮਰਪਾਲ ਕੌਰ ਢਿੱਲੋਂ ਅਰਜਨਟੀਨਾ ਵਿੱਚ ਅਗਲੇ ਹਫ਼ਤੇ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਆਈਸੀਸੀ ਵਿਮੈਨ-ਟੀ-20 ਵਰਲਡ ਕੱਪ ’ਚ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ। ਇਸ ਪ੍ਰਾਪਤੀ ’ਤੇ ਪਿੰਡ ਵਿਚ ਖੁਸ਼ੀ ਦੀ ਲਹਿਰ ਹੈ।
ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਕ੍ਰਿਕਟ ਕੋਚ ਲਖਵਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰਪਾਲ ਕੌਰ ਨੇ ਆਪਣਾ ਕ੍ਰਿਕਟ ਖੇਡਣ ਦਾ ਸਫ਼ਰ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਦੇ ਖੇਡ ਮੈਦਾਨ ਤੋਂ ਸ਼ੁਰੂ ਕੀਤਾ ਸੀ। ਇਸ ਦੌਰਾਨ ਉਸ ਨੇ ਸਕੂਲ ਵੱਲੋਂ ਸੂਬਾ ਤੇ ਕੌਮੀ ਪੱਧਰ ’ਤੇ ਕਈ ਪ੍ਰਾਪਤੀਆਂ ਕੀਤੀਆਂ। ਸਾਲ 2013 ’ਚ ਦੱਸਵੀਂ ਕਲੇਰ ਸਕੂਲ ਤੋਂ ਕਰਨ ਮਗਰੋਂ ਅਮਰਪਾਲ ਨੇ ਬਾਰ੍ਹਵੀਂ ਗਿਆਨੀ ਜੋਤੀ ਸਕੂਲ ਦਾਰਾਪੁਰ ਤੋਂ 2015 ਵਿੱਚ ਕੀਤੀ। ਇਸ ਮਗਰੋਂ 2018 ’ਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਗ੍ਰੈਜੂਏਸ਼ਨ ਕੀਤੀ। 12 ਦਸੰਬਰ 2019 ਵਿੱਚ ਉਹ ਉਚੇਰੀ ਪੜ੍ਹਾਈ ਲਈ ਕੈਨੇਡਾ ਚਲੀ ਗਈ ਤੇ ਆਪਣੀ ਖੇਡ ਨਿਰੰਤਰ ਜਾਰੀ ਰੱਖੀ। ਕੈਨੇਡਾ ’ਚ ਉਹ ਪਿਛਲੇ ਸਾਲ ਉਪ ਕੈਪਟਨ ਤੇ ਇਸ ਵਾਰ ਕੈਪਟਨ ਚੁਣੀ ਗਈ। ਇਸੇ ਦੌਰਾਨ ਕਲੇਰ ਪਬਲਿਕ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਅਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਇਸ ਪ੍ਰਾਪਤੀ ਲਈ ਅਮਰਪਾਲ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਕਲੇਰ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ। ਪਿੰਡ ਸਿਰੀਏਵਾਲਾ ਦੇ ਸਰਪੰਚ ਹਰਜਿੰਦਰ ਕੌਰ ਅਤੇ ਸਮਾਜ ਸੇਵੀ ਯਾਦਵਿੰਦਰ ਸਿੰਘ ਪੱਪੂ ਨੇ ਕਿਹਾ ਕਿ ਅਮਰਪਾਲ ਦੀ ਇਸ ਪ੍ਰਾਪਤੀ ਕਾਰਨ ਪਿੰਡ ਵਾਸੀਆਂ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ।
