ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ: ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅੰਮ੍ਰਿਤ ਵੇਲੇ ਤਾਜਪੋਸ਼ੀ ‘ਤੇ ਸਰਨਾ ਨੇ ਜਤਾਈ ਚਿੰਤਾ

ਨੈਸ਼ਨਲ ਟਾਈਮਜ਼ ਬਿਊਰੋ :- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ ਵੇਲੇ ਜਥੇਦਾਰ ਵਜੋਂ ਸੇਵਾ ਸੰਭਾਲ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੌਮ ਵਿਚ ਬਣੇ ਹੋਏ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਫ਼ੈਸਲਾ ਸਿੰਘ ਸਾਹਿਬਾਨ ਦੀ ਨਿਯੁਕਤੀ ਦਾ ਲਿਆ ਸੀ ਤੇ ਜਿਸ ਤਰ੍ਹਾਂ ਨਾਲ ਟਕਰਾਅ ਤੋਂ ਬਚਣ ਲਈ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਨੂੰ ਚੁਣਦੇ ਹੋਏ ਕੌਮ ਨੂੰ ਇਕਮੁੱਠ ਹੋਣ ਦਾ ਸੰਦੇਸ਼ ਦਿੱਤਾ ਹੈ, ਉਸ ਦੇ ਨਾਲ ਇਹ ਸਾਬਤ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਇਹ ਫ਼ੈਸਲਾ ਪੰਥ ਦੀ ਚੜ੍ਹਦੀ ਕਲਾ ਲਈ ਦੂਰ ਅੰਦੇਸ਼ੀ ਵਾਲਾ ਫ਼ੈਸਲਾ ਹੈ।

ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਨੇ ਜਿਵੇਂ ਕੌਮ ਨੂੰ ਹਰ ਮਸਲੇ ‘ਤੇ ਸਪੱਸ਼ਟਤਾ ਨਾਲ ਸੰਬੋਧਿਤ ਹੁੰਦੇ ਹੋਏ ਹਰ ਮਸਲੇ ਨੂੰ ਮੁਖਾਤਿਬ ਹੋ ਕੇ ਕੌਮ ਵਿਚ ਪੈਦਾ ਕੀਤਾ ਜਾ ਰਹੀ ਦੁਬਿਧਾ ਨੂੰ ਦੂਰ ਕੀਤਾ ਹੈ , ਉਸ ਨਾਲ ਪੰਥ ਵਿਚ ਬਖੇੜਾ ਖੜ੍ਹਾ ਕਰਨ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਵੀ ਜਵਾਬ ਮਿਲਿਆ ਹੈ। ਉਨ੍ਹਾਂ ਨੇ ਸਿੱਖ ਕੌਮ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ , ਟਕਸਾਲਾਂ , ਸੰਪਰਦਾਵਾਂ ਤੇ ਹੋਰ ਸਨਮਾਨਿਤ ਸਖਸ਼ੀਅਤਾਂ ਨੂੰ ਬੇਨਤੀ ਕੀਤੀ ਕਿ ਜੋ ਕੁਝ ਪਿੱਛੇ ਹੋ ਗਿਆ, ਉਸ ਨੂੰ ਪੰਥ ਦੇ ਵਡੇਰੇ ਹਿੱਤਾਂ ਲਈ ਛੱਡਦੇ ਹੋਏ ਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਵੱਲ ਦੇਖਦੇ ਹੋਏ ਤੇ ਭਰਾ ਮਾਰੂ ਜੰਗ ਤੋਂ ਬਚਣ ਲਈ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਅੱਜ ਕੌਮ ਦੀ ਤਾਕਤ ਨੂੰ ਜਿਸ ਤਰ੍ਹਾਂ ਖੇਰੂ – ਖੇਰੂ ਕਰਨ ਦੇ ਯਤਨ ਹੋ ਰਹੇ ਹਨ, ਇਨ੍ਹਾਂ ਬਾਰੇ ਸਾਨੂੰ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।

ਸਰਨਾ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਨੂੰ ਵਧਾਈ ਦਿੱਤੀ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਉਹ ਕੌਮ ਨੂੰ ਆਪਸੀ ਪਿਆਰ ਤੇ ਇਤਫ਼ਾਕ ਬਖਸ਼ਣ ਤੇ ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਨਾਲ ਪੰਥ ਦੀ ਅੱਡਰੀ ਹਸਤੀ ਤੇ ਪਛਾਣ ‘ਤੇ ਹੋ ਰਹੇ ਹਮਲਿਆਂ ਨੂੰ ਰੋਕਣ ਤੇ ਕੌਮ ਨੂੰ ਇਕਮੁੱਠ ਕਰਕੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਕਰਨ ਦਾ ਬਲ ਬਖਸ਼ਣ।

By Rajeev Sharma

Leave a Reply

Your email address will not be published. Required fields are marked *