ਜੱਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਦਾ ਮਸਲਾ ਬਹੁਤ ਗੰਭੀਰ ਬਣਿਆ ਹੋਇਆ ਹੈ, ਰਾਤੀ ਢਾਈ ਵਜੇ ਦੇ ਕਰੀਬ ਚੋਰਾਂ ਵਾਂਗ ਸੱਭ ਕੁਛ ਨਿਰਧਾਰਿਤ ਕੀਤਾ ਗਿਆ ਤੇ ਅਜੇ ਕਿਹਾ ਜਾ ਰਿਹਾ ਹੈ ਕਿ ਇਹ ਤਾਂ ਮਰਯਾਦਾ, ਰਵਾਇਤ, ਪ੍ਰੰਪਰਾ ਦੇ ਝੰਡਾਬਰਦਾਰ ਨੇ, ਜਿਹੜੇ ਦਸਤਾਰਬੰਦੀ ਮੌਕੇ ਦੀ ਰਵਾਇਤ ਨਹੀਂ ਨਿਭਾ ਸਕੇ।
ਸ਼੍ਰੋਮਣੀ ਕਮੇਟੀ ਦੇ ਪੰਜ-ਦਸ ਮੁਲਾਜ਼ਮ, ਜਿਹੜੇ ਵਿਚਾਰੇ ਨੌਕਰੀ ਦੇ ਬੱਝੇ ਨਾਂਹ ਨਹੀਂ ਕਰ ਸਕਦੇ ਸੀ, ਓਨਾ ਤੋਂ ਸਿਰੋਪੇ ਲੈ ਕੇ ਜਥੇਦਾਰ ਹੋਣ ਦਾ ਦਾਅਵਾ ਕਰਨਾ, ਇਹ ਕਿਹੜੀ ਸਿੱਖੀ ਦੀ ਮਰਿਆਦਾ ਹੈ?
ਕਹਿੰਦੇ ਕਿਸੇ ਵੇਲੇ ਧਾੜਵੀ ਤੇ ਲੁਟੇਰਿਆਂ ਤੋਂ ਡਰਦੇ ਰਾਤ ਦੇ ਹਨੇਰੇ ਵਿੱਚ ਫੇਰੇ ਹੁੰਦੇ ਸੀ, ਡਰਾਕਲ ਲੋਕ ਆਪਣੀਆਂ ਧੀਆਂ ਦੇ ਵਿਆਹ ਮੌਕੇ ਲੁਕ-ਛਿਪ ਕੇ ਰਸਮ ਕਰਦੇ ਸੀ।
ਪਰ ਖ਼ਾਲਸਾ ਪੰਥ ਨੇ ਅੰਮ੍ਰਿਤ ਵੇਲੇ ਤੋਂ ਕੀਰਤਨ ਸੋਹਿਲੇ ਤਕ ਸਭ ਰਸਮਾਂ ਖੁੱਲ੍ਹੇਆਮ ਕੀਤੀਆਂ ਹਨ, ਕਦੇ ਕੁਝ ਲੁਕਾਇਆ ਨਹੀਂ। ਜੈਕਾਰਿਆਂ ਦੀ ਗੂੰਜ ਨਾਲ ਹਿਮਾਲਿਆ ਪਰਬਤ ਵਿੱਚ ਗੂੰਜਾ ਪੈਂਦੀਆਂ ਹਨ। ਇਹ ਸੱਚ ਦਾ ਧਰਮ ਹੈ। ਇੱਥੇ ਛਲ ਕਪਟ, ਕੂੜ, ਝੂਠ, ਪਾਪ ਨਹੀਂ। ਲੁਕਾਉਣਾ ਕੀ ਕੀਹਤੋਂ ਤੇ ਕਾਹਤੋਂ ? ਸਭ ਕੁਝ ਉਜਾਗਰ ਤੇ ਪ੍ਰਗਟ ਹੁੰਦਾ। ਸਿੱਖ ਕਦੇ ਵੀ ਲੁਕ-ਛਿਪ ਕੇ ਅਹੁਦੇ ਨਹੀਂ ਸੰਭਾਲਦੇ।
