ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ): ਭਵਾਨੀਗੜ੍ਹ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਉੱਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦਿਆਂ ਇਲਾਕੇ ਦੀਆਂ ਰਾਜਨੀਤਿਕ ਪਾਰਟੀਆਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ।
ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਕਾਂਗਰਸ ਪਾਰਟੀ ਦੇ ਸੁਰਿੰਦਰ ਪਾਲ ਸਿੰਘ ਸਿਬੀਆਂ ਅਤੇ ਅਕਾਲੀ ਦਲ ਤੇ ਹਰਦੀਪ ਸਿੰਘ ਤੂਰ ਸਮੇ਼ਤ ਹੋਰ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਟਰੱਕ ਯੂਨੀਅਨ ਭਵਾਨੀਗੜ੍ਹ ਦੀ ਪ੍ਰਧਾਨਗੀ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਗਠਿਤ ਕੀਤੀ ਸਪੈਸ਼ਲ ਇਨਵੈਸਟੀਕੇਟਿਵ ਟੀਮ (ਸਿੱਟ) ਇੱਕ ਮਹਿਜ਼ ਡਰਾਮਾ ਹੈ, ਕਿਉਂਕਿ ਇਸ ਦੀ ਕੋਈ ਨਿਗਰਾਨੀ ਨਹੀਂ ਹੋ ਸਕੀ। ਉਕਤ ਆਗੂਆਂ ਨੇ ਕਿਹਾ ਕਿ ਜੋ ਸਿਿਟੰਗ ਵਿਧਾਇਕਾ ਆਪਣੀ ਹੀ ਪਾਰਟੀ ਦੇ 2022 ਦੌਰਾਨ ਹੋਈਆਂ ਚੋਣਾਂ ਦੌਰਾਨ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਹਰਾਉਣ ਲਈ ਪਾਰਟੀ ਵਰਕਰਾਂ ਨੂੰ ਫੋਨ ਕਰ ਸਕਦੀ ਹੈ ਉਸ ਤੋਂ ਆਮ ਲੋਕਾਂ ਲਈ ਕੋਈ ਉਮੀਦ ਕਰਨਾ ਵਾਜ਼ਿਬ ਨਹੀਂ ਹੈ। ਇਸ ਮੌਕੇ ਬੋਲਦਿਆਂ ਸ਼੍ਰੀ ਖੰਨਾ ਨੇ ਕਿਹਾ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋ ਟਰੱਕ ਆਪਰੇਟਰ ਮਨਜੀਤ ਸਿੰਘ ਕਾਕਾ ਵੱਲੋਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਡਰਾਮਾ ਕਹਿਣਾ ਇਨਸਾਨੀਅਤ ਦਾ ਘਾਣ ਕਰਨ ਵਾਲਾ ਬਿਆਨ ਹੈ ਜਦਕਿ ਉਨ੍ਹਾਂ ਕੋਨ ਮਨਜੀਤ ਕਾਕਾ ਸਬੰਧੀ ਅਰਮ ਹਸਪਤਾਲ ਪਟਿਆਲਾ ਦੀਆਂ ਸਾਰੀਆਂ ਰਿਪੋਰਟਾਂ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਟਰੱਕ ਆਪਰੇਟਰ ਮਨਜੀਤ ਕਾਕਾ ਵੱਲੋਂ ਵੀਡੀਓ ਨਸ਼ਰ ਕਰਕੇ ਸਿੱਧੇ ਤੌਰ ’ਤੇ 30 ਲੱਖ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਉਨ੍ਹਾਂ ਦੇ ਪਤੀ ਨਾਲ ਪ੍ਰਧਾਨਗੀ ਨੂੰ ਲੈਕੇ ਸੌਦੇਬਾਜ਼ੀ ਦੇ ਦੋਸ਼ ਲਗਾਏ ਸਨ ਤੇ ਵੀਡੀਓ ’ਚ ਨਗਦੀ ਪਈ ਵੀ ਸਾਫ਼ ਦਿਖਾਈ ਦੇ ਰਹੀ ਸੀ। ਟਰੱਕ ਆਪਰੇਟਰ ਮਨਜੀਤ ਕਾਕਾ ਵੱਲੋਂ ਆਪਣੇ ਨਾਲ ਹੋਈ ਵਾਅਦਾ ਖਿਲਾਫ਼ੀ ਤੋਂ ਦੁਖੀ ਹੋਕੇ ਜਹਿਰੀਲੀ ਚੀਜ ਨਿਗਲਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼੍ਰੀ ਖੰਨਾ ਨੇੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਸੀਟਿੰਗ ਜੱਜ ਦੇ ਸਪੁਰਦ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਸਰਕਾਰ ਦੀ ਜਾਂਚ ਤੇ ਕਿਸੇ ਨੂੰ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਕਈ ਵਿਧਾਇਕ ਆਪਣੇ ਸਰਕਾਰੀ ਰਸੂਖ ਕਾਰਨ ਬਚ ਨਿਕਲੇ ਹਨ। ਮਾਨਸਾ ਤੋਂ ਵਿਧਾਇਕ ਵਿਜੈ ਸਿੰਗਲਾ ਦਾ ਮਾਮਲਾ ਵੀ ਸਭ ਦੇ ਸਾਹਮਣੇ ਹੈ।
ਸ੍ਰੀ ਖੰਨਾ ਨੇ ਕਿਹਾ ਕਿ ਵਿਧਾਇਕ ਭਰਾਜ ਮਨਜੀਤ ਕਾਕਾ ਨਾਲ ਪੈਸਿਆਂ ਵਾਲੀ ਵੀਡੀਓ ’ਚ ਦਿਖਾਈ ਦੇ ਰਹੇ ਗੁਰਪ੍ਰੀਤ ਸਿੰਘ ਨਦਾਮਪੁਰ ਤੋਂ ਵੀ ਪੱਲਾ ਝਾੜ ਰਹੇ ਹਨ ਹਲਕੇ ’ਚ ਸਭ ਨੂੰ ਪਤਾ ਹੈ ਕਿ ਗੁਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਦਾ ਮੋਹਰੀ ਆਗੂ ਤੇ ਬਲਾਕ ਪ੍ਰਧਾਨ ਹੈ ਜੋ ਵਿਧਾਇਕ ਭਰਾਜ ਦਾ ਕਾਫ਼ੀ ਨਜ਼ਦੀਕੀ ਹੈ।