ਗੈਸ ਟੈਂਕਰ ਅਤੇ ਕਾਰਾਂ ਵਿਚਾਲੇ ਭਿਆਨਕ ਟੱਕਰ, 7 ਲੋਕਾਂ ਦੀ ਮੌਤ

ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿਚ ਇਕ ਗੈਸ ਟੈਂਕਰ ਅਤੇ ਦੋ ਕਾਰਾਂ ਵਿਚਾਲੇ ਟੱਕਰ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਧਾਰ ਦੇ ਪੁਲਸ ਸੁਪਰਡੈਂਟ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ ਕਰੀਬ 11 ਵਜੇ ਵਾਪਰਿਆ, ਜਦੋਂ ਬਦਨਾਵਰ-ਉਜੈਨ ਹਾਈਵੇਅ ‘ਤੇ ਬਾਮਨਸੁਤਾ ਪਿੰਡ ਕੋਲ ਇਕ ਗੈਸ ਟੈਂਕਰ ਗਲਤ ਦਿਸ਼ਾ ਤੋਂ ਆ ਰਿਹਾ ਸੀ। ਟੈਂਕਰ ਨੇ ਉਲਟ ਦਿਸ਼ਾ ਤੋਂ ਆ ਰਹੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 3 ਹੋਰਨਾਂ ਨੇ ਬਾਅਦ ਵਿਚ ਹਸਪਤਾਲ ‘ਚ ਦਮ ਤੋੜ ਦਿੱਤਾ। 

ਚਸ਼ਮਦੀਦਾਂ ਮੁਤਾਬਕ ਗੈਸ ਟੈਂਕਰ ਕਾਫੀ ਤੇਜ਼ ਰਫ਼ਤਾਰ ਤੋਂ ਗਲਤ ਦਿਸ਼ਾ ਵਿਚ ਆ ਰਿਹਾ ਸੀ। ਇਸ ਨੇ ਸਾਹਮਣੇ ਤੋਂ ਆ ਰਹੀਆਂ ਕਾਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੋਵੇਂ ਕਾਰਾਂ ਵਿਚ ਸਵਾਰ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਮਗਰੋਂ ਮੌਕੇ ‘ਤੇ ਚੀਕ-ਪੁਕਾਰ ਮਚ ਗਈ। ਸਥਾਨਕ ਲੋਕਾਂ ਨੇ ਪੁਲਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਪੁਲਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ।

SP ਨੇ ਦੱਸਿਆ ਕਿ ਸਥਾਨਕ ਵਾਸੀਆਂ ਨੇ ਬਚਾਅ ਮੁਹਿੰਮ ਵਿਚ ਮਦਦ ਕੀਤੀ ਅਤੇ ਵਾਹਨਾਂ ਵਿਚ ਫਸੇ ਲੋਕਾਂ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਗੁਆਂਢੀ ਜ਼ਿਲ੍ਹੇ ਰਤਲਾਮ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। SP ਨੇ ਦੱਸਿਆ ਕਿ ਇਹ ਲੋਕ ਰਤਲਾਮ, ਮੰਦਸੌਰ ਅਤੇ ਜੋਧਪੁਰ ਜ਼ਿਲ੍ਹਿਆਂ ਦੇ ਹਨ। ਹਾਦਸੇ ਮਗਰੋਂ ਟੈਂਕਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

By Rajeev Sharma

Leave a Reply

Your email address will not be published. Required fields are marked *