ਇੱਕ ਮਸ਼ਹੂਰ ਟੀਵੀ ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਹੋਲੀ ਪਾਰਟੀ ਦੌਰਾਨ ਆਪਣੇ ਨਾਲ ਹੋਈ ਛੇੜਛਾੜ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਘਟਨਾ ਨੇ ਨਾ ਸਿਰਫ਼ ਅਦਾਕਾਰਾ ਨੂੰ ਮਾਨਸਿਕ ਤੌਰ ‘ਤੇ ਠੇਸ ਪਹੁੰਚਾਈ ਹੈ, ਸਗੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੀ ਇੰਡਸਟਰੀ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ। ਅਦਾਕਾਰਾ ਨੇ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇੱਕ ਖ਼ਬਰ ਦੇ ਅਨੁਸਾਰ, ਅਦਾਕਾਰਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਇਹ ਘਟਨਾ ਮੁੰਬਈ ਦੇ ਪੱਛਮੀ ਉਪਨਗਰ ਵਿੱਚ ਇੱਕ ਹੋਲੀ ਪਾਰਟੀ ਦੌਰਾਨ ਵਾਪਰੀ। ਉਸ ਦੇ ਅਨੁਸਾਰ, ਦੋਸ਼ੀ ਅਦਾਕਾਰ ਪਾਰਟੀ ਵਿੱਚ ਸ਼ਰਾਬ ਪੀ ਕੇ ਆਇਆ ਸੀ ਅਤੇ ਉਸ ‘ਤੇ ਜ਼ਬਰਦਸਤੀ ਰੰਗ ਸੁੱਟਣ ਦੀ ਕੋਸ਼ਿਸ਼ ਕੀਤੀ। ਅਦਾਕਾਰਾ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸਨੇ ਬਚਣ ਕੋਸ਼ਿਸ਼ ਕੀਤੀ ਅਤੇ ਪਾਣੀਪੁਰੀ ਦੇ ਇੱਕ ਸਟਾਲ ਦੇ ਪਿੱਛੇ ਚਲੀ ਗਈ, ਤਾਂ ਦੋਸ਼ੀ ਫਿਰ ਵੀ ਉਸਦਾ ਪਿੱਛਾ ਕਰਦਿਆਂ ਉੱਥੇ ਪਹੁੰਚ ਗਿਆ ਅਤੇ ਉਸਦੇ ਚਿਹਰੇ ‘ਤੇ ਰੰਗ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਕਿਹਾ, ‘ਮੈਂ ਤੈਨੂੰ ਪਿਆਰ ਕਰਦਾ ਹਾਂ ਅਤੇ ਦੇਖਦਾ ਹਾਂ ਕਿ ਤੈਨੂੰ ਮੇਰੇ ਤੋਂ ਕੌਣ ਬਚਾਉਂਦਾ ਹੈ। ਇਸ ਤੋਂ ਬਾਅਦ ਉਸਨੇ ਉਸਦੇ ਸਰੀਰ ਦੇ ਹੋਰ ਹਿੱਸਿਆਂ ਨੂੰ ਵੀ ਅਣਉਚਿਤ ਢੰਗ ਨਾਲ ਛੂਹਿਆ। ਇਸ ਹਰਕਤ ਤੋਂ ਬਾਅਦ ਅਦਾਕਾਰਾ ਨੇ ਉਸਨੂੰ ਧੱਕਾ ਦੇ ਦਿੱਤਾ ਅਤੇ ਮਾਨਸਿਕ ਤੌਰ ‘ਤੇ ਬਹੁਤ ਦੁਖੀ ਮਹਿਸੂਸ ਕਰਦਿਆਂ ਵਾਸ਼ਰੂਮ ਚਲੀ ਗਈ।
ਬਾਅਦ ਵਿੱਚ ਅਦਾਕਾਰਾ ਨੇ ਸਾਰੀ ਘਟਨਾ ਆਪਣੇ ਦੋਸਤਾਂ ਨੂੰ ਦੱਸੀ। ਇਸ ਤੋਂ ਬਾਅਦ, ਜਦੋਂ ਅਦਾਕਾਰਾ ਦੇ ਦੋਸਤ ਦੋਸ਼ੀ ਅਦਾਕਾਰ ਨੂੰ ਇਸ ਸਬੰਧ ਵਿਚ ਪੁੱਛਣ ਗਏ, ਤਾਂ ਉਨ੍ਹਾਂ ਨਾਲ ਵੀ ਧੱਕਾ-ਮੁੱਕੀ ਕੀਤੀ ਗਈ। ਅਦਾਕਾਰਾ ਆਪਣੇ ਦੋਸਤਾਂ ਨਾਲ ਨਜ਼ਦੀਕੀ ਪੁਲਸ ਸਟੇਸ਼ਨ ਪਹੁੰਚੀ ਅਤੇ ਦੋਸ਼ੀ ਅਦਾਕਾਰ ਖਿਲਾਫ FIR ਦਰਜ ਕਰਵਾਈ। ਅਦਾਕਾਰਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ, ਦੋਸ਼ੀ ਨਾਲ ਸੰਪਰਕ ਕੀਤਾ ਗਿਆ ਅਤੇ ਉਸਨੂੰ ਇੱਕ ਨੋਟਿਸ ਭੇਜਿਆ ਗਿਆ ਅਤੇ ਉਸਨੂੰ ਪੁੱਛਗਿੱਛ ਲਈ ਪੁਲਸ ਸਟੇਸ਼ਨ ਬੁਲਾਇਆ ਗਿਆ ਹੈ। ਪੁਲਸ ਨੇ ਮੁਲਜ਼ਮ ਅਦਾਕਾਰ ਵਿਰੁੱਧ ਮੁੰਬਈ ਦੇ ਅੰਬੋਲੀ ਸਟੇਸ਼ਨ ਵਿਚ ਬੀ.ਐੱਨ.ਐੱਸ. ਦੀ ਧਾਰਾ 75(1)(i) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ, ਪੁਲਸ ਪਾਰਟੀ ਵਿੱਚ ਮੌਜੂਦ ਹੋਰ ਮਹਿਮਾਨਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਹੋਰ ਸਬੂਤ ਇਕੱਠੇ ਕਰਨ ਲਈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ।