ਨੈਸ਼ਨਲ ਟਾਈਮਜ਼ ਬਿਊਰੋ :- ਜਮਹੂਰੀ ਕਿਸਾਨ ਸਭਾ ਹਰਿਆਣਾ ਰਤੀਆ ਤਹਿਸੀਲ ਦਾ ਪਹਿਲਾ ਡੈਲੀਗੇਟ ਇਜਲਾਸ ਸਥਾਨਕ ਕਿਸਾਨ ਰੈਸਟ ਹਾਊਸ ਵਿੱਚ ਹੋਇਆ। ਇਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ (ਜੇਈ) ਨੇ ਕੀਤੀ। ਸਟੇਜ ਸੰਚਾਲਨ ਰਮੇਸ਼ ਰੱਤਾਖੇੜਾ ਨੇ ਕੀਤਾ। ਕਾਨਫਰੰਸ ਦਾ ਉਦਘਾਟਨ ਕਰਦਿਆਂ ਸਭਾ ਦੇ ਸੂਬਾਈ ਬੁਲਾਰੇ ਤੇਜਿੰਦਰ ਸਿੰਘ ਰਤੀਆ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਬਚਾਉਣ ਲਈ ਮੋਦੀ ਸਰਕਾਰ ਅਜਿਹੀਆਂ ਨੀਤੀਆਂ ਲਾਗੂ ਕਰ ਰਹੀ ਹੈ ਜੋ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਰਬਾਦ ਕਰ ਰਹੀਆਂ ਹਨ। ਉਹ ਕਾਲੇ ਕਾਨੂੰਨ ਜਿਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਲੰਬੇ ਸੰਘਰਸ਼ ਮਗਰੋੀ ਰੱਦ ਕਰ ਦਿੱਤਾ ਸੀ, ਮੋਦੀ ਸਰਕਾਰ ਫਿਰ ਤੋਂ ਰਾਜ ਸਰਕਾਰਾਂ ’ਤੇ ਡਰਾਫਟ ਰਾਹੀਂ ਇਨ੍ਹਾਂ ਨੂੰ ਲਾਗੂ ਕਰਨ ਲਈ ਦਬਾਅ ਪਾ ਰਹੀ ਹੈ। ਇਸ ਸਬੰਧੀ 20 ਮਾਰਚ ਨੂੰ ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਿਆ ਜਾ ਰਿਹਾ ਹੈ। ਇਸ ਮੌਕੇ 11 ਮੈਂਬਰੀ ਕਮੇਟੀ ਚੁਣੀ ਗਈ। ਇਸ ਵਿੱਚ ਰਮੇਸ਼ ਰੱਤਾਖੇੜਾ ਨੂੰ ਬਿਨਾਂ ਮੁਕਾਬਲਾ ਪ੍ਰਧਾਨ, ਗੁਰਪ੍ਰੀਤ ਸਿੰਘ ਜੇਈ ਨੂੰ ਸਕੱਤਰ, ਬਲਕਾਰ ਸਿੰਘ ਨੂੰ ਉਪ ਪ੍ਰਧਾਨ, ਸੰਦੀਪ ਸਿੰਘ ਨੂੰ ਸੰਯੁਕਤ ਸਕੱਤਰ ਅਤੇ ਡਾ. ਸ਼ੇਰਾ ਰਾਮ ਕੋਲਗੜ੍ਹ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਜਗਜੀਤ ਸਿੰਘ ਢਿੱਲੋਂ, ਕੁਲਦੀਪ ਰੱਤਾਖੇੜਾ, ਦੇਸ਼ਾ ਰਾਮ, ਹਰਦੀਪ ਸਿੰਘ, ਸਤਨਾਮ ਚੰਦ ਬੁਰਜਾ ਨੂੰ ਕਮੇਟੀ ਮੈਂਬਰ ਚੁਣਿਆ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਚੌਬਾਰਾ, ਜ਼ਿਲ੍ਹਾ ਸਕੱਤਰ ਜਸਪਾਲ ਖੁੰਡਨ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਨਵੀਨਰ ਆਜ਼ਾਦ ਸਿੰਘ ਮੀਰਾਂ ਨੇ ਕਿਹਾ ਕਿ ਮੋਦੀ ਅਤੇ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਸਾਬਤ ਹੋਈ ਹੈ। ਵੱਡੇ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਗਏ ਹਨ ਜਦੋਂ ਕਿ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਬੈਂਕਾਂ ਅਤੇ ਪੁਲੀਸ ਵੱਲੋਂ ਕਈ ਥਾਵਾਂ ’ਤੇ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀ ਕਿਸਾਨ ਸਭਾ ਪੂਰੇ ਹਰਿਆਣਾ ਵਿੱਚ ਪਿੰਡ-ਪਿੰਡ ਜਾਵੇਗੀ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਅਤੇ ਜਾਗਰੂਕ ਕਰਕੇ, ਲਹਿਰ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਸਾਰੇ ਮੌਜੂਦ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਵਿੱਚ ਜਾ ਕੇ ਮੈਂਬਰਸ਼ਿਪ ਮੁਹਿੰਮ ਚਲਾਉਣ।
ਸਮਾਪਤੀ ਭਾਸ਼ਣ ਵਿੱਚ ਗੁਰਪ੍ਰੀਤ ਸਿੰਘ ਜੇਈ ਨੇ ਕਿਹਾ ਕਿ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੰਘਰਸ਼ ਰਾਹੀਂ ਪੂਰਾ ਧਿਆਨ ਦੇ ਕੇ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।