ਅੰਮ੍ਰਿਤਸਰ : ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਨਾਲ ਹੋ ਰਹੇ ਵਿਵਹਾਰ ਬਾਰੇ ਕੜੀ ਟਿੱਪਣੀ ਕੀਤੀ। ਉਨ੍ਹਾਂ ਨੇ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਹਿਮਾਚਲ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਅਜਿਹੀਆਂ ਥਾਵਾਂ ‘ਤੇ ਜਾਣ ਤੋਂ ਬਚਿਆ ਜਾਵੇ, ਜਿੱਥੇ ਸਿੱਖਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ।
ਗਿਆਨੀ ਹਰਪ੍ਰੀਤ ਸਿੰਘ ਨੇ ਹਿਮਾਚਲ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਟੂਰਿਸਟਾਂ ਨਾਲ ਅਜਿਹੇ ਵਿਵਹਾਰ ਹੋਣਗੇ, ਤਾਂ ਇਹ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ, ਸਗੋਂ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਲਈ ਵੀ ਨੁਕਸਾਨਦਾਇਕ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਹਿਮਾਚਲ ਇੱਕ ਟੂਰਿਜ਼ਮ ਬੇਸਡ ਸਟੇਟ ਹੈ, ਅਤੇ ਜੇ ਇਥੇ ਆਉਣ ਵਾਲੇ ਸੈਲਾਨੀਆਂ ਨਾਲ ਨਾਜਾਇਜ਼ ਵਿਵਹਾਰ ਹੋਇਆ ਤਾਂ ਇਹ ਸੂਬੇ ਦੇ ਰੈਵਨਿਊ ਲਈ ਵੀ ਨੁਕਸਾਨ ਕਰੇਗਾ।
ਸਿੱਖ ਭਾਈਚਾਰੇ ‘ਤੇ ਹੋ ਰਹੇ ਦਬਾਅ ਬਾਰੇ ਗੱਲ ਕਰਦਿਆਂ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵੀ ਇਸ ਨਾਲ ਨਾਰਾਜ਼ ਹਨ, ਅਤੇ ਜੇ ਹਿਮਾਚਲ ਵਿੱਚ ਇਹ ਹਲਾਤ ਨਿਯੰਤਰਣ ਵਿੱਚ ਨਾ ਲਏ ਗਏ ਤਾਂ ਪੰਜਾਬ ‘ਚ ਵੀ ਇਸਦੇ ਪ੍ਰਭਾਵ ਪੈਣੇ ਲਾਜ਼ਮੀ ਹਨ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਹਿਮਾਚਲ ਵਿੱਚ ਸਿੱਖਾਂ ਖਿਲਾਫ ਗੁੰਡਾ ਤੱਤਾਂ ਦੀ ਕਾਰਵਾਈ ਨੂੰ ਰੋਕਿਆ ਜਾਵੇ ਅਤੇ ਉਨ੍ਹਾਂ ‘ਤੇ ਕਾਨੂੰਨੀ ਪਾਬੰਦੀਆਂ ਲਗਾਈਆਂ ਜਾਣ।
ਅਕਾਲ ਤਖਤ ‘ਚ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਉਨ੍ਹਾਂ ਨੇ ਆਪਣੀ ਰਾਏ ਦਿੱਤੀ। ਉਨ੍ਹਾਂ ਕਿਹਾ ਕਿ ਪੰਜ ਪ੍ਰਧਾਨਾਂ ਦੀ ਪਰੰਪਰਾ ਦੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਗੈਰ-ਕਾਨੂੰਨੀ ਭਰਤੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਨਾਲ ਜੁੜੇ ਕੁਝ ਮੈਂਬਰ ਕਮੇਟੀ ਤੋਂ ਵੱਖ ਹੋ ਰਹੇ ਹਨ, ਜੋ ਕਿ ਇੱਕ ਮਹੱਤਵਪੂਰਨ ਮਾਮਲਾ ਹੈ।
ਇਸ ਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖਾਂ ਨਾਲ ਵਿਤਕਰਾ ਜਾਰੀ ਰਹਿੰਦਾ ਹੈ, ਤਾਂ ਸਿੱਖ ਭਾਈਚਾਰੇ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਇਕੱਠੇ ਹੋਣਾ ਪਵੇਗਾ।