ਪੰਥਕ ਏਕਤਾ ਦੀ ਗੂੰਜ! ਜਥੇਦਾਰ ਗੜਗੱਜ ਨੇ SGPC ਵਿਵਾਦ ‘ਤੇ ਤੋੜ ਕੱਢਣ ਲਈ ਦਿੱਤੇ ਸੰਕੇਤ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਸੇਵਾ ਸੰਭਾਲੀ ਨੂੰ ਹਾਲੇ ਕੁਝ ਦਿਨ ਹੀ ਹੋਏ ਹਨ ਅਤੇ ਇਹਨਾਂ ਦਿਨਾਂ ਵਿੱਚ ਹੀ ਦਸਵੇਂ ਪਾਤਸ਼ਾਹ ਵਲੋਂ ਬਖਸ਼ਿਆ ਕੌਮੀ ਤਿਉਹਾਰ ਹੋਲਾ ਮਹੱਲਾ ਸੀ। ਇਸ ਲਈ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਹੋਲੇ ਮਹੱਲੇ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਦੋ ਦਸੰਬਰ ਨੂੰ ਜੋ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਉਹਨਾਂ ਬਾਬਤ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਚੱਲ ਰਹੇ ਮਸਲੇ ਬਾਬਤ ਸਮੇਂ ਦੀ ਘਾਟ ਕਾਰਨ ਕੋਈ ਘੋਖ ਨਹੀਂ ਕਰ ਸਕੇ। ਨਾ ਹੀ ਪਿਛਲੇ ਸਿੰਘ ਸਾਹਿਬਾਨ ਵੱਲੋਂ ਬਣਾਈ ਗਈ ਕਮੇਟੀ ਨਾਲ ਇਸ ਸੰਬੰਧੀ ਕੋਈ ਗੱਲ ਹੋ ਸਕੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਵੀ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ, ਕਿਉਂਕਿ ਇਹ ਸਮੇਂ ਦੀ ਲੋੜ ਹੈ ਤੇ ਇਹ ਸਮੁੱਚੇ ਖ਼ਾਲਸਾ ਪੰਥ ਦੀ ਭਾਵਨਾ ਵੀ ਹੈ।

ਉਨ੍ਹਾਂ ਕਿਹਾ ਕਿ ਪੰਥਕ ਏਕਤਾ ਸਬੰਧੀ ਹਾਂ ਪੱਖੀ ਹੁੰਗਾਰਾ ਭਰਦੇ ਹੋਏ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਨੇ ਪ੍ਰੈੱਸ ਕਾਨਫਰੰਸ ਵਿੱਚ ਜੋ ਨੁਕਤੇ ਉਠਾਏ ਹਨ, ਖਾਸ ਕਰ ਸਿੰਘ ਸਾਹਿਬਾਨ ਵੱਲੋਂ ਦੋ ਦਸੰਬਰ ਨੂੰ ਕੀਤੇ ਫੈਸਲਿਆਂ ਵਿੱਚੋਂ ਜੋ ਕੇਂਦਰੀ ਨੁਕਤੇ ਆਪਸੀ ਏਕਤਾ ਦਾ ਸੀ ਉਸ ਬਾਰੇ ਪਹਿਲ ਕੀਤੀ ਹੈ। ਇਹ ਇੱਕ ਸ਼ੁਭ ਸੰਕੇਤ ਹੈ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਇਸ ਬਾਬਤ ਹੋਰ ਗੰਭੀਰ ਹੁੰਦੇ ਹੋਏ ਯਤਨ ਵੀ ਕਰਨਗੇ ।

ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਕਮੇਟੀ ਦੇ ਪੰਜ ਮੈਂਬਰਾਂ ਨੂੰ ਭੇਜੇ ਗਏ ਸੱਦਾ ਪੱਤਰਾਂ ਉਪਰੰਤ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਦੋ ਦਸੰਬਰ ਨੂੰ ਹੋਏ ਫੈਸਲਿਆਂ ਦੀ ਰੋਸ਼ਨੀ ਵਿੱਚ ਪੰਥਕ ਏਕਤਾ ਸੰਬੰਧੀ ਅੱਗੇ ਵੱਧਣ ਬਾਰੇ ਚਰਚਾ ਕੀਤੀ ਗਈ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦੇ ਸਨਮੁਖ ਇਹ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਸੰਸਥਾਵਾਂ ਦੀ ਰੱਖਿਆ ਅਤੇ ਚੁਣੌਤੀਆਂ ਦੇ ਟਾਕਰੇ ਲਈ ਇਕਜੁੱਟ ਹੋਈਏ। ਇਹ ਏਕਤਾ ਸਮੂਹ ਪੰਥਕ ਧਿਰਾਂ ਵਿੱਚ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮੂਹ ਕਮੇਟੀ ਮੈਂਬਰਾਂ ਵਲੋਂ ਪੰਥਕ ਏਕਤਾ ਲਈ ਹਾਂ ਪੱਖੀ ਹੁੰਗਾਰਾ ਭਰਿਆ ਗਿਆ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਸਾਰੀਆਂ ਹੀ ਧਿਰਾਂ ਨੂੰ ਨਾਲ ਲੈ ਕੇ ਪੰਥਕ ਏਕਤਾ ਤੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਅੱਗੇ ਵਧਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *