ਚੰਡੀਗੜ੍ਹ : ਬੱਚਿਆਂ ਦੇ ਸਿਹਤ ਸਬੰਧੀ ਖ਼ਤਰਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਸਕੂਲਾਂ ਵਿਚ ਮਿੱਡ-ਡੇਅ ਮੀਲ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਬਕਾਇਦਾ ਸਿੱਖਿਆ ਵਿਭਾਗ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਮਿੱਡ-ਡੇਅ ਮੀਲ ਪਕਾਉਣ ਅਤੇ ਪਰੋਸਣ ਲਈ ਐਲੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਬੰਦ ਕੀਤੀ ਜਾਵੇ। ਹਾਲਾਂਕਿ ਬਹੁਤੇ ਸਕੂਲਾਂ ਵਿਚ ਐਲੂਮੀਨੀਅਮ ਦੇ ਭਾਂਡੇ ਵਰਤਣੇ ਬੰਦ ਕੀਤੇ ਹੋਏ ਹਨ ਪਰ ਸਿੱਖਿਆ ਵਿਭਾਗ ਮੁਕੰਮਲ ਤੌਰ ’ਤੇ ਐਲੂਮੀਨੀਅਮ ਦੀ ਵਰਤੋਂ ਰੋਕਣਾ ਚਾਹੁੰਦਾ ਹੈ। ਪੰਜਾਬ ਸਟੇਟ ਮਿੱਡ-ਡੇਅ ਮੀਲ ਸੁਸਾਇਟੀ ਨੇ ਸਕੂਲਾਂ ਨੂੰ ਨਵੇਂ ਭਾਂਡੇ ਖ਼ਰੀਦਣ ਲਈ ਲਾਗਤ ਖ਼ਰਚ ਦਾ ਐਸਟੀਮੇਟ ਦੇਣ ਲਈ ਕਿਹਾ ਹੈ। ਸਰਕਾਰ 31 ਮਾਰਚ ਤੱਕ ਸਾਰੇ ਸਕੂਲਾਂ ਵਿਚ ਬਦਲਵੇਂ ਬਰਤਨ ਦੇਣਾ ਚਾਹੁੰਦੀ ਹੈ ਤਾਂ ਜੋ ਬਜਟ ਦੀ ਸਮੇਂ ਸਿਰ ਵਰਤੋਂ ਹੋ ਸਕੇ।
ਵਿਭਾਗ ਨੇ ਐਲੂਮੀਨੀਅਮ ਦੀ ਥਾਂ ਸਟੇਨਲੈੱਸ ਸਟੀਲ, ਕਾਸਟ ਆਇਰਨ ਜਾਂ ਸਿਰੇਮਿਕ ਕੁੱਕਵੇਅਰ ਆਦਿ ਬਦਲ ਸੁਝਾਏ ਹਨ। ਸੂਤਰਾਂ ਅਨੁਸਾਰ ਸਟੀਲ ਅਥਾਰਿਟੀ ਆਫ਼ ਇੰਡੀਆ ਅਤੇ ਫੂਡ ਕਮਿਸ਼ਨ ਆਫ਼ ਇੰਡੀਆ ਨੇ ਅਜਿਹਾ ਕਰਨ ਲਈ ਸੁਝਾਅ ਦਿੱਤੇ ਸਨ ਕਿਉਂਕਿ ਐਲੂਮੀਨੀਅਮ ਭਾਂਡਿਆਂ ਵਿਚ ਸਿਹਤ ਨੂੰ ਲੈ ਕੇ ਕੁਝ ਗੰਭੀਰ ਖ਼ਤਰੇ ਮੌਜੂਦ ਸਨ। ਇਸ ਕਰਕੇ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਕਿਹਾ ਗਿਆ ਹੈ। ਮਾਹਿਰ ਆਖਦੇ ਹਨ ਕਿ ਐਲੂਮੀਨੀਅਮ ਜ਼ਹਿਰੀਲੀ ਧਾਤ ਹੈ ਜਿਸ ਦਾ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਲੰਬੇ ਸਮੇਂ ਦੀ ਵਰਤੋਂ ਕਾਰਨ ਅਨੀਮੀਆ, ਦਿਮਾਗ਼ੀ ਕਮਜ਼ੋਰੀ ਆਦਿ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਖਾਣਾ ਪਕਾਉਣ ਲਈ ਪਤੀਲੇ ਤੇ ਕੜਾਹੀ ਆਦਿ ਐਲੂਮੀਨੀਅਮ ਦੀ ਧਾਤ ਦੇ ਨਹੀਂ ਹੋਣੇ ਚਾਹੀਦੇ। ਸੂਤਰਾਂ ਮੁਤਾਬਕ ਬਰਤਨ ਤਬਦੀਲੀ ਲਈ ਕਰੀਬ 175 ਕਰੋੜ ਦਾ ਪ੍ਰਾਜੈਕਟ ਬਣਾਇਆ ਗਿਆ ਸੀ। ਮਿੱਡ-ਡੇਅ ਮੀਲ ਤਹਿਤ ਐਲੂਮੀਨੀਅਮ ਦੇ ਭਾਂਡੇ ਖ਼ਰੀਦਣ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਸਕੂਲ ਗਰਾਂਟ ਦਿੱਤੀ ਜਾਂਦੀ ਹੈ ਜਦੋਂ ਕਿ ਹੁਣ ਸਟੀਲ ਅਤੇ ਪਿੱਤਲ ਦੇ ਭਾਂਡਿਆਂ ਲਈ 10 ਹਜ਼ਾਰ ਰੁਪਏ ਪ੍ਰਤੀ ਸਕੂਲ ਗਰਾਂਟ ਦੀ ਤਜਵੀਜ਼ ਹੈ।