ਭਾਰਤੀ ਫੌਜ ਦੇ ਕਰਨਲ ਦੀ ਇੱਜ਼ਤ ਨਹੀਂ ਬਚੀ, ਤਾਂ ਦੇਸ਼ ਦੀ ਇੱਜ਼ਤ ਕਿਵੇਂ ਬਚੇਗੀ? – ਵਿਸ਼ਾਲ ਸ਼ਰਮਾ
ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- (ਬੀਜੇਪੀ) ਦੇ ਖੰਡਵਾਲਾ ਮੰਡਲ ਯੂਵਾ ਮੋਰਚਾ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਪਟਿਆਲਾ ਰਹਿੰਦੇ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਨਾਲ ਹੋਈ ਮਾਰਕੁੱਟ ਦੇ ਮਾਮਲੇ ਵਿੱਚ ਪੰਜਾਬ ਪੁਲਸ ਦੀ ਸਖ਼ਤ ਸ਼ਬਦਾਂ ਚ ਤਾੜਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਸਿਰਫ਼ ਇਕ ਅਧਿਕਾਰੀ ‘ਤੇ ਹੋਇਆ ਹਮਲਾ ਨਹੀਂ, ਬਲਕਿ ਪੂਰੇ ਸਿਸਟਮ ਦੀ ਨਾਕਾਮੀ ਦਾ ਪ੍ਰਮਾਣ ਹੈ।
ਵਿਸ਼ਾਲ ਸ਼ਰਮਾ ਨੇ ਨੈਸ਼ਨਲ ਟਾਈਮਜ਼ ਮੀਡੀਆ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਸਾਂਝੀ ਕੀਤੀ। ਉਨ੍ਹਾਂ ਮੂਲ ਮਾਮਲੇ ਤੇ ਗੱਲ ਕਰਦਿਆਂ ਸਵਾਲ ਚੁੱਕੇ ਕਿ, “ਕਰਨਲ ਪੱਧਰ ਦੇ ਅਧਿਕਾਰੀ, ਜੋ ਦੇਸ਼ ਦੀ ਸਰਹੱਦਾਂ ‘ਤੇ ਸੇਵਾ ਕਰਦੇ ਹਨ, ਉਨ੍ਹਾਂ ਨਾਲ ਹੀ ਅਜੇਹੀ ਬੇਰਹਿਮੀ ਹੋ ਰਹੀ ਹੈ, ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ? ਕੀ ਪੰਜਾਬ ਪੁਲਿਸ ਹੁਣ ਆਮ ਲੋਕਾਂ ਦੀ ਸੁਰੱਖਿਆ ਦੀ ਬਜਾਏ ਉਨ੍ਹਾਂ ਉੱਤੇ ਜ਼ੁਲਮ ਕਰ ਰਹੀ ਹੈ?
ਉਨ੍ਹਾਂ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕੀ ਇਹੀ ਉਹ ‘ਨਵਾਂ ਪੰਜਾਬ’ ਹੈ ਜਿਸਦਾ ਵਾਅਦਾ ਉਨ੍ਹਾਂ ਨੇ ਲੋਕਾਂ ਨਾਲ ਕੀਤਾ ਸੀ? “ਕੀ ਪੰਜਾਬ ਸਰਕਾਰ ਪੁਲਿਸ ਨੂੰ ਮਨਮਾਨੀ ਕਰਨ ਦੀ ਛੂਟ ਦੇ ਚੁੱਕੀ ਹੈ? ਜੇਕਰ ਫੌਜੀ ਅਧਿਕਾਰੀ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕ ਕਿਸ ’ਤੇ ਭਰੋਸਾ ਕਰਨ?
ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸਵਾਲ
ਵਿਸ਼ਾਲ ਸ਼ਰਮਾ ਨੇ ਪੁਲਿਸ ਦੀ ਭੂਮਿਕਾ ‘ਤੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ, “ਪੁਲਿਸ ਵੱਲੋਂ ਪਹਿਲਾਂ ਹੀ ਮਾਮਲੇ ਨੂੰ ਰਫ਼ਾਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੁਅੱਤਲ ਮੁਲਾਜ਼ਮਾਂ ਦੇ ਨਾਂ ਨਹੀਂ ਦੱਸੇ ਜਾ ਰਹੇ, ਮੂਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਪੁਲਿਸ ਸਟੇਟ ਬਣਦੀ ਜਾ ਰਹੀ ਹੈ, ਜਿੱਥੇ ਕਾਨੂੰਨ ਨਹੀਂ, ਸਿਰਫ਼ ਅਧਿਕਾਰੀਆਂ ਦੀ ਮਨਮਰਜ਼ੀ ਚੱਲ ਰਹੀ ਹੈ।
ਉਨ੍ਹਾਂ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ, “ਰੋਜ਼-ਬ-ਰੋਜ਼ ਪੰਜਾਬ ਵਿੱਚ ਲੁੱਟ, ਫਿਰੌਤੀਆਂ, ਬੰਬ ਧਮਾਕੇ ਤੇ ਗੈਂਗਵਾਰ ਵਧ ਰਹੀਆਂ ਹਨ। ਸਰਕਾਰ ਕਿਉਂ ਇਸ ਉਤੇ ਕਾਰਵਾਈ ਨਹੀਂ ਕਰ ਰਹੀ?
CBI ਜਾਂਚ ਦੀ ਮੰਗ
ਇਕੱਲੀ ਬਰਖਾਸ਼ਤਗੀ ਲਾਜ਼ਮੀ ਨਹੀਂ, ਵਿਸ਼ਾਲ ਸ਼ਰਮਾ ਨੇ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਤੇ ਤਾੜਨਾ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਮੁਅੱਤਲੀ ਨਾਲ ਨਹੀਂ ਚਲੇਗਾ, ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸ਼ਤ ਕੀਤਾ ਜਾਣਾ ਚਾਹੀਦਾ ਹੈ। ਉਹ ਵਿਅਕਤੀ, ਜੋ ਦੇਸ਼ ਦੀ ਸੇਵਾ ਕਰਦੇ ਹਨ, ਉਨ੍ਹਾਂ ਦੀ ਇੱਜ਼ਤ ਕੀਤੀ ਜਾਣੀ ਚਾਹੀਦੀ ਹੈ, ਨਾ ਕਿ ਉਨ੍ਹਾਂ ‘ਤੇ ਹਮਲੇ।
ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਸਾਖ ‘ਤੇ ਪ੍ਰਭਾਵ
ਵਿਸ਼ਾਲ ਸ਼ਰਮਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਘਟਨਾ ਨਹੀਂ, ਇਹ ਭਾਰਤ ਦੀ ਅੰਤਰਰਾਸ਼ਟਰੀ ਪਛਾਣ ‘ਤੇ ਵੀ ਪ੍ਰਭਾਵ ਪਾਉਂਦਾ ਹੈ। ਜਦੋਂ ਚੀਨ, ਪਾਕਿਸਤਾਨ ਵਰਗੇ ਵਿਰੋਧੀ ਦੇਸ਼ ਵੇਖਣਗੇ ਕਿ ਭਾਰਤ ਆਪਣੇ ਹੀ ਫੌਜੀ ਅਧਿਕਾਰੀਆਂ ਦੀ ਇੱਜ਼ਤ ਨਹੀਂ ਰੱਖ ਸਕਦਾ, ਤਾਂ ਉਹ ਕੀ ਸੋਚਣਗੇ? ਜੇਕਰ ਭਾਰਤ ਦੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦੀ ਸੁਰੱਖਿਆ ਨਹੀਂ ਹੋ ਸਕਦੀ, ਤਾਂ ਦੇਸ਼ ਦੀ ਰਾਸ਼ਟਰੀ ਸੁਰੱਖਿਆ ਕਿਸ ਹਾਲਤ ਵਿੱਚ ਹੋਵੇਗੀ?
ਉਨ੍ਹਾਂ ਅਖ਼ੀਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ, ਜੇਕਰ ਤੁਰੰਤ ਨਿਆਂ ਨਾ ਮਿਲਿਆ, ਤਾਂ ਆਉਣ ਵਾਲੇ ਸਮੇਂ ਚ ਪੰਜਾਬ ਭਰ ‘ਚ ਵਿਰੋਧ-ਪ੍ਰਦਰਸ਼ਨ ਹੋਣਗੇ, ਜਿਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ‘ਤੇ ਹੋਵੇਗੀ।