ਨਵੀਂ ਦਿੱਲੀ, 21 ਮਾਰਚ: ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਗਲੋਬਲ ਅਤੇ ਖੇਤਰੀ ਮੁੱਦਿਆਂ ‘ਤੇ ਆਪਣੀ ਸਥਿਤੀ ਸਪੱਸ਼ਟ ਕੀਤੀ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਭਾਰਤ-ਅਮਰੀਕਾ ਵਪਾਰ ਗੱਲਬਾਤ, ਯੂਕਰੇਨ-ਰੂਸ ਯੁੱਧ, ਪਾਕਿਸਤਾਨ, ਬੰਗਲਾਦੇਸ਼ ਅਤੇ ਕੈਨੇਡਾ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ।
ਭਾਰਤ ਅਤੇ ਅਮਰੀਕਾ ਦੁਵੱਲੇ ਵਪਾਰ ਗੱਲਬਾਤ ਬਾਰੇ, ਉਨ੍ਹਾਂ ਕਿਹਾ ਕਿ ਦੋਵੇਂ ਸਰਕਾਰਾਂ ਬੀਟੀਏ (ਦੁਵੱਲੇ ਵਪਾਰ ਸਮਝੌਤੇ) ਲਈ ਇੱਕ ਢਾਂਚਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਇਸਦਾ ਉਦੇਸ਼ ਵਪਾਰ ਦਾ ਵਿਸਤਾਰ ਕਰਨਾ, ਬਾਜ਼ਾਰ ਪਹੁੰਚ ਵਧਾਉਣਾ ਅਤੇ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ ਨੂੰ ਘਟਾਉਣਾ ਹੋਵੇਗਾ।
ਜਦੋਂ ਪੁੱਛਿਆ ਗਿਆ ਕਿ ਕੀ ਪ੍ਰਧਾਨ ਮੰਤਰੀ ਮੋਦੀ ਬਿਮਸਟੇਕ ਸੰਮੇਲਨ ਦੌਰਾਨ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨਾਲ ਮੁਲਾਕਾਤ ਕਰਨਗੇ? ਇਸ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਸ ਮਾਮਲੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ, ਜਿਸ ਨੂੰ ਸਾਂਝਾ ਕੀਤਾ ਜਾ ਸਕੇ। ਅਮਰੀਕਾ ਵਿੱਚ ਨਜ਼ਰਬੰਦ ਕੀਤੇ ਗਏ ਭਾਰਤੀ ਵਿਦਵਾਨ ਬਦਰ ਖਾਨ ਸੂਰੀ ਬਾਰੇ ਉਨ੍ਹਾਂ ਕਿਹਾ ਕਿ ਸਾਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਕਿ ਉਨ੍ਹਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ। ਨਾ ਤਾਂ ਅਮਰੀਕੀ ਸਰਕਾਰ ਅਤੇ ਨਾ ਹੀ ਖਾਨ ਨੇ ਸਾਡੇ ਨਾਲ ਜਾਂ ਦੂਤਾਵਾਸ ਨਾਲ ਸੰਪਰਕ ਕੀਤਾ ਹੈ।
ਯੂਕਰੇਨ-ਰੂਸ ਯੁੱਧ ‘ਤੇ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ਇਸ ਮੁੱਦੇ ‘ਤੇ ਸਾਡੀ ਸਥਿਤੀ ਪਹਿਲਾਂ ਵਾਂਗ ਸਪੱਸ਼ਟ ਹੈ। ਅਸੀਂ ਹਮੇਸ਼ਾ ਦੋਵਾਂ ਧਿਰਾਂ ਅਤੇ ਹੋਰ ਹਿੱਸੇਦਾਰਾਂ ਵਿਚਕਾਰ ਗੱਲਬਾਤ ਅਤੇ ਕੂਟਨੀਤੀ ਰਾਹੀਂ ਵਿਹਾਰਕ ਸ਼ਮੂਲੀਅਤ ਦੀ ਵਕਾਲਤ ਕੀਤੀ ਹੈ ਤਾਂ ਜੋ ਟਕਰਾਅ ਦੇ ਸਥਾਈ ਹੱਲ ‘ਤੇ ਪਹੁੰਚਿਆ ਜਾ ਸਕੇ। ਦੋਵਾਂ ਧਿਰਾਂ ਦੇ ਨਾਲ-ਨਾਲ ਹੋਰ ਹਿੱਸੇਦਾਰਾਂ ਨਾਲ ਸਾਡੀ ਗੱਲਬਾਤ ਇਸ ਪਹੁੰਚ ਦੇ ਅਨੁਕੂਲ ਰਹੀ ਹੈ।
ਪਾਕਿਸਤਾਨ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੈਸਵਾਲ ਨੇ ਕਿਹਾ, ਦੁਨੀਆ ਜਾਣਦੀ ਹੈ ਕਿ ਅਸਲ ਮੁੱਦਾ ਪਾਕਿਸਤਾਨ ਦੁਆਰਾ ਸਰਹੱਦ ਪਾਰ ਅੱਤਵਾਦ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨਾ ਅਤੇ ਸਪਾਂਸਰ ਕਰਨਾ ਹੈ। ਦਰਅਸਲ, ਇਹ ਇਸ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਲਈ ਸਭ ਤੋਂ ਵੱਡੀ ਰੁਕਾਵਟ ਹੈ। ਭਾਰਤ-ਕੈਨੇਡਾ ਸਬੰਧਾਂ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਖਟਾਸ ਦਾ ਕਾਰਨ ਕੈਨੇਡਾ ਵੱਲੋਂ ਆਪਣੇ ਦੇਸ਼ ਵਿੱਚ ਕੱਟੜਪੰਥੀ ਅਤੇ ਵੱਖਵਾਦੀ ਤੱਤਾਂ ਨੂੰ ਦਿੱਤੀ ਗਈ ਆਜ਼ਾਦੀ ਹੈ। ਉਮੀਦ ਹੈ ਕਿ ਆਪਸੀ ਵਿਸ਼ਵਾਸ ਅਤੇ ਸੰਵੇਦਨਸ਼ੀਲਤਾ ਦੇ ਆਧਾਰ ‘ਤੇ ਸਬੰਧ ਦੁਬਾਰਾ ਬਹਾਲ ਹੋਣਗੇ।
