ਨਵੀਂ ਦਿੱਲੀ, 24 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਮੌਸਮ ਫੇਰ ਬਦਲਣ ਜਾ ਰਿਹਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ 24 ਤੋਂ 28 ਮਾਰਚ ਤੱਕ ਗਰਜ-ਤੂਫ਼ਾਨ, ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਤੇਲੰਗਾਨਾ, ਰਾਇਲਸੀਮਾ ਅਤੇ ਕਰਨਾਟਕ ਵਿੱਚ ਵੀ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।ਉੜੀਸਾ ‘ਚ ਲਗਾਤਾਰ ਚੌਥੇ ਦਿਨ ਵੀ ਮੀਂਹ ਦਾ ਅਲਰਟ ਜਾਰੀ ਹੈ, ਜਿਸ ਕਾਰਨ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ, 67 ਹੋਰ ਜ਼ਖ਼ਮੀ ਹਨ ਅਤੇ 600 ਤੋਂ ਵੱਧ ਘਰ ਨੁਕਸਾਨੀਏ ਹੋ ਗਏ ਹਨ।ਮੌਸਮ ਵਿਭਾਗ ਅਨੁਸਾਰ, ਸੋਮਵਾਰ ਰਾਤ ਤੋਂ ਪੱਛਮੀ ਹਿਮਾਲਿਆ ਖੇਤਰ ‘ਚ ਇੱਕ ਨਵੀ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦਾ ਪ੍ਰਭਾਵ 24-28 ਮਾਰਚ ਦੌਰਾਨ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਦਿਖਾਈ ਦੇ ਸਕਦਾ ਹੈ। 26 ਮਾਰਚ ਨੂੰ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਝਾਰਖੰਡ, ਉੜੀਸਾ, ਰਾਇਲਸੀਮਾ, ਤੇਲੰਗਾਨਾ ਅਤੇ ਦੱਖਣੀ ਅੰਦਰੂਨੀ ਕਰਨਾਟਕ ਵਿੱਚ ਗੜੇਮਾਰੀ ਵੀ ਹੋਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਸੁਰੱਖਿਆ ਉਪਾਅ ਅਪਣਾਉਣ ਦੀ ਅਪੀਲ ਕੀਤੀ ਹੈ।
