ਜਲੰਧਰ – ਜਲੰਧਰ ਵਿਖੇ ਵਰਿਆਣਾ ਕੂੜੇ ਦੇ ਡੰਪ ਵਿਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਦੀ ਸੂਚਨਾ ਪਾ ਕੇ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਜਿਨ੍ਹਾਂ ਵੱਲੋਂ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 30-35 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਉਤੇ ਪਹੁੰਚੀਆਂ ਹਨ। ਅੱਗ ਦੀਆਂ ਲਪਟਾਂ ਦੂਰੋਂ ਹੀ ਵਿਖਾਈ ਦਿੰਦੀਆਂ ਹਨ। ਅੱਗ ਲੱਗਣ ਦੀ ਘਟਨਾ ਬੀਤੀ ਰਾਤ ਵਾਪਰੀ ਪਰ ਅੱਗ ‘ਤੇ ਕਾਬੂ ਪਾਉਣ ਦੀ ਅਜੇ ਕੋਸ਼ਿਸ਼ ਜਾਰੀ ਹੈ।

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ‘ਤੇ ਕਾਬੂ ਪਾਉਣ ਲਈ ਹੋਰ ਗੱਡੀਆਂ ਦੀ ਲੋੜ ਪਵੇਗੀ। ਮਿਲੀ ਜਾਣਕਾਰੀ ਅਨੁਸਾਰ ਕੂੜੇ ਦੇ ਡੰਪ ਨੇੜੇ ਇਕ ਫੈਕਟਰੀ ਹੈ, ਜਿਸ ਨੂੰ ਪਹਿਲਾਂ ਅੱਗ ਲੱਗੀ। ਇਸ ਦੇ ਬਾਅਦ ਅੱਗ ਡੰਪ ਤੱਕ ਪਹੁੰਚ ਗਈ ਅਤੇ ਕੁਝ ਹੀ ਦੇਰ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ ਪਰ ਅੱਜ ਇਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਹੈ। ਅੱਗ ਤੇਜ਼ੀ ਨਾਲ ਵੱਧ ਰਹੀ ਹੈ। ਉਥੇ ਹੀ ਪੁਲਸ ਵੱਲੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਕ-ਇਕ ਕਰਕੇ 30 ਤੋਂ 35 ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਭਿਆਨਕ ਅੱਗ ਦੇ ਮੱਦੇਨਜ਼ਰ, ਪ੍ਰਸ਼ਾਸਨ ਨੇ ਨਕੋਦਰ, ਆਦਮਪੁਰ ਅਤੇ ਨੇੜਲੇ ਹੋਰ ਕਸਬਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾ ਲਈਆਂ ਹਨ। ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
