ਚੰਡੀਗੜ੍ਹ, 28 ਮਾਰਚ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਅਪਰਣਾ ਸੰਸਥਾਨ ਸਬੰਧੀ ਸਦਨ ਵਿੱਚ ਲਿਆਂਦੇ ਗਏ ਬਿੱਲ ਦਾ ਉਦੇਸ਼ ਸਵਾਮੀ ਧੀਰੇਂਦਰ ਬ੍ਰਹਮਚਾਰੀ ਦੇ ਲੋਕ ਭਲਾਈ ਦੇ ਵਿਚਾਰਾਂ ਨੂੰ ਅੱਗੇ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਉਸ ਜ਼ਮੀਨ ‘ਤੇ ਇੱਕ ਯੋਗ ਆਸ਼ਰਮ ਪਹਿਲਾਂ ਹੀ ਬਣਿਆ ਹੋਇਆ ਹੈ ਅਤੇ ਸਵਾਮੀ ਧੀਰੇਂਦਰ ਬ੍ਰਹਮਚਾਰੀ ਜੀ ਚਾਹੁੰਦੇ ਸਨ ਕਿ ਇੱਥੋਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਵੀ ਉਪਲਬਧ ਹੋਣ। ਇਸ ਲਈ, ਇਸ ਆਸ਼ਰਮ ਦਾ ਕੰਟਰੋਲ ਸਰਕਾਰ ਦੇ ਅਧੀਨ ਲੈ ਕੇ ਲੋਕ ਭਲਾਈ ਦੀ ਭਾਵਨਾ ਨੂੰ ਸਾਕਾਰ ਕਰਨਾ ਪਵੇਗਾ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਪਰਣਾ ਸੰਸਥਾਨ ਸਬੰਧੀ ਸਦਨ ਵਿੱਚ ਲਿਆਂਦੇ ਗਏ ਬਿੱਲ ‘ਤੇ ਚਰਚਾ ਦੌਰਾਨ ਸਦਨ ਵਿੱਚ ਬੋਲ ਰਹੇ ਸਨ।
ਸ਼੍ਰੀ ਨਾਇਬ ਸਿੰਘ ਸੈਣੀ ਨੇ ਸਦਨ ਨੂੰ ਦੱਸਿਆ ਕਿ ਇਹ ਬਿੱਲ ਲਿਆ ਕੇ, ਅਸੀਂ ਕੇਂਦਰ ਸਰਕਾਰ ਦੇ ਕਿਸੇ ਵੀ ਕਾਨੂੰਨ ਨੂੰ ਬਾਈਪਾਸ ਨਹੀਂ ਕਰ ਰਹੇ ਹਾਂ ਬਲਕਿ ਇਸ ਦੇ ਤਹਿਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਵਾਮੀ ਧੀਰੇਂਦਰ ਬ੍ਰਹਮਚਾਰੀ ਦੀ ਮੌਤ ਤੋਂ ਬਾਅਦ ਉਕਤ ਸੰਸਥਾ ਦੋ ਧੜਿਆਂ ਵਿੱਚ ਵੰਡੀ ਗਈ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਇਨ੍ਹਾਂ ਵਿਚਕਾਰ ਮੁਕੱਦਮੇਬਾਜ਼ੀ ਚੱਲ ਰਹੀ ਹੈ ਅਤੇ ਉਕਤ ਸੰਸਥਾ ਨਿਸ਼ਕਿਰਿਆ ਹੋ ਗਈ ਹੈ। ਇਸ ਲਈ, ਇਸ ਬਿੱਲ ਨੂੰ ਲਿਆਉਣ ਦਾ ਮਕਸਦ ਇਹ ਹੈ ਕਿ ਸੰਸਥਾ ਦੀ ਜ਼ਮੀਨ ਗਲਤ ਹੱਥਾਂ ਵਿੱਚ ਨਾ ਜਾਵੇ ਅਤੇ ਲੋਕਾਂ ਨੂੰ ਇਸ ਤੋਂ ਲਾਭ ਮਿਲਦਾ ਰਹੇ।