ਡੇਰਾਬੱਸੀ ‘ਚ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਰੈਲੀ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਿੱਤਾ ਨਸ਼ਾ ਵਪਾਰੀਆਂ ਨੂੰ ਚਿਤਾਵਨੀ

ਡੇਰਾਬੱਸੀ, 29 ਮਾਰਚ (ਗੁਰਪ੍ਰੀਤ ਸਿੰਘ): ਪ੍ਰੈੱਸ ਕਲੱਬ ਸਬ-ਡਵੀਜਨ ਡੇਰਾਬੱਸੀ (2589) ਵੱਲੋਂ ਅੱਜ ਪ੍ਰਧਾਨ ਹਰਜੀਤ ਸਿੰਘ ਲੱਕੀ ਦੀ ਅਗਵਾਈ ਹੇਠ “ਯੁੱਧ ਨਸ਼ਿਆਂ ਵਿਰੁੱਧ” ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰਵਾਨਾ ਕੀਤਾ ਅਤੇ ਸਮੂਹ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਖ਼ਿਲਾਫ਼ ਸੂਬੇ ਭਰ ‘ਚ ਵੱਡੀ ਪੱਧਰ ਤੇ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਿਧਾਇਕ ਨੇ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੇ ਵਪਾਰੀਆਂ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਕੁਲਜੀਤ ਸਿੰਘ ਰੰਧਾਵਾ ਨੇ ਪ੍ਰੈੱਸ ਕਲੱਬ ਡੇਰਾਬੱਸੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਸੂਬਾ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਥਾਨਕ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਵੀ ਪ੍ਰੈੱਸ ਕਲੱਬ ਵਾਂਗ ਆਪਣਾ ਸਹਿਯੋਗ ਦੇਣ ਤਾਂ ਜੋ ਮਾਵਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।

ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ, ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਅਤੇ ਐਸ.ਐਚ.ਓ. ਮਨਦੀਪ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕੋਈ ਵੀ ਗ਼ੈਰਕਾਨੂੰਨੀ ਕੰਮ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨਸ਼ਿਆਂ ਦੇ ਖਿਲਾਫ ਪੂਰੀ ਤਰ੍ਹਾਂ ਜੁਟੀਆਂ ਹੋਈਆਂ ਹਨ ਅਤੇ ਉਹ ਡੇਰਾਬਸੀ ਹਲਕੇ ਵਿਚੋਂ ਨਸ਼ਿਆਂ ਦਾ ਮੁਕੰਮਲ ਸਫ਼ਾਇਆ ਕਰ ਕੇ ਹੀ ਦਮ ਲੈਣਗੇ। ਉਨ੍ਹਾਂ ਨੇ ਪ੍ਰੈੱਸ ਕਲੱਬ ਡੇਰਾਬੱਸੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਖੂਬ ਪ੍ਰਸੰਸਾ ਕੀਤੀ।

ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਲੱਕੀ ਨੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਗਈ ਹੈ। ਬਹੁਤ ਸਾਰੀਆਂ ਮਾਵਾਂ ਦੇ ਪੁੱਤ ਨਸ਼ਿਆਂ ਦੀ ਭੇਂਟ ਚੜ੍ਹ ਗਏ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣ ਕੇ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ। ਉਨ੍ਹਾਂ ਨੇ ਮੁੱਖ ਮਹਿਮਾਨ ਕੁਲਜੀਤ ਸਿੰਘ ਰੰਧਾਵਾ ਸਮੇਤ ਪੁਲਿਸ ਪ੍ਰਸ਼ਾਸਨ ਅਤੇ ਵੱਖ ਵੱਖ ਜਥੇਬੰਦੀਆਂ ਦਾ ਅੱਜ ਦੀ ਇਸ ਰੈਲੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਨਗਰ ਕੌਂਸਲ ਦੀ ਪ੍ਰਧਾਨ ਆਸ਼ੂ ਉਪਨੇਜਾ, ਕਲੱਬ ਦੇ ਸਰਪ੍ਰਸਤ ਕ੍ਰਿਸ਼ਨਪਾਲ ਸ਼ਰਮਾ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਭੱਟੀ, ਕਲੱਬ ਦੇ ਫਾਉਂਡਰ ਮੈਂਬਰ ਰਵਿੰਦਰ ਵੈਸ਼ਨਵ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ।

ਇਸ ਉਪਰੰਤ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵਿੱਚ ਹਿੱਸਾ ਲਿਆ। ਇਹ ਰੈਲੀ ਸਥਾਨਕ ਮਿਉਂਸੀਪਲ ਭਵਨ ਤੋਂ ਸ਼ੁਰੂ ਹੋ ਕੇ ਮੁੱਖ ਬਾਜ਼ਾਰ ਵਿਚੋਂ ਹੁੰਦੀ ਹੋਈ ਬੱਸ ਅੱਡੇ ਤੇ ਸਮਾਪਤ ਹੋਈ। ਰੈਲੀ ਦੌਰਾਨ ਗੁਰੂ ਹਰਕ੍ਰਿਸ਼ਨ ਸਕੂਲ ਡੇਰਾਬੱਸੀ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਹੱਥਾਂ ਵਿੱਚ ਤਖਤੀਆਂ ਫੜਕੇ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਨਿਤਿਨ ਜਿੰਦਲ, ਲਾਇਨਜ਼ ਕਲੱਬ ਐਲੀਟ ਜ਼ੀਰਕਪੁਰ ਤੋਂ ਪੁਸ਼ਪਿੰਦਰ ਮਹਿਤਾ, ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਤੋਂ ਡਾਕਟਰ ਰਾਜੀਵ ਗੁਪਤਾ, ਮੌਰਨਿੰਗ ਵਾਕ ਕਲੱਬ ਦੇ ਪ੍ਰਧਾਨ ਐਡਵੋਕੇਟ ਅਨਮੋਲ ਸਿੰਘ ਤੋਂ ਇਲਾਵਾ ਬਲਕਾਰ ਸਿੰਘ, ਕੁਲਦੀਪ ਸਿੰਘ ਰੰਗੀ, ਪਵਨ ਕੁਮਾਰ ਧੀਮਾਨ, ਨਰੇਸ਼ ਉਪਨੇਜਾ, ਡਾਕਟਰ ਬਰਖਾ ਰਾਮ, ਸਨੰਤ ਭਾਰਦਵਾਜ ਮੁਬਾਰਿਕਪੁਰ, ਸੁਸ਼ੀਲ ਧੀਮਾਨ, ਡਾਕਟਰ ਪਾਰਸ ਸੂਰੀ, ਬਲਜੀਤ ਚੰਦ ਸ਼ਰਮਾ ਅਤੇ ਪ੍ਰੈਸ ਕਲੱਬ ਸਬ- ਡਵੀਜ਼ਨ ਡੇਰਾਬੱਸੀ ਦੇ ਤਹਿਤ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਤੋਂ ਵੱਡੀ ਗਿਣਤੀ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ।

By Gurpreet Singh

Leave a Reply

Your email address will not be published. Required fields are marked *