ਮੋਹਾਲੀ, 1 ਅਪ੍ਰੈਲ (ਗੁਰਪ੍ਰੀਤ ਸਿੰਘ): ਮੋਹਾਲੀ ਅਦਾਲਤ ਨੇ 2018 ਦੇ ਜ਼ੀਰਕਪੁਰ ਥਾਣੇ ਵਿਚ ਦਰਜ ਜਬਰ ਜਨਾਹ ਮਾਮਲੇ ਵਿਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਸਜ਼ਾ ਸੁਣਾਈ ਹੈ। ਪਿਛਲੀ 28 ਮਾਰਚ ਨੂੰ ਅਦਾਲਤ ਵਿਚ ਉਸ ਨੂੰ ਦੋਸ਼ੀ ਪਾਈਆ ਗਿਆ ਸੀ ਅਤੇ ਐਲਾਨ ਕੀਤਾ ਸਿ ਉਸ ਦੀ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ।
ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਫਿਲਹਾਲ ਜ਼ਮਾਨਤ ‘ਤੇ ਬਾਹਰ ਸੀ ਪਰ ਮੋਹਾਲੀ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਵਿਚ ਜ਼ੀਰਕਪੁਰ ਥਾਣੇ ਵਿਚ ਇਕ ਪੀੜਤਾ ਵੱਲੋਂ ਪਾਸਟਰ ਖ਼ਿਲਾਫ਼ ਜ਼ਬਰ ਜਨਾਹ ਦੇ ਲਗਾਏ ਦੋਸ਼ ਨਾਲ ਸਬੰਧਤ ਹੈ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ। ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ। ਇਸ ਸਬੰਧੀ 20 ਅਪਰੈਲ 2018 ਨੂੰ ਜ਼ੀਰਕਪੁਰ ਪੁਲਿਸ ਥਾਣੇ ਵਿਚ ਆਈਪੀਸੀ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਕ ਐਫਆਈਆਰ ਦਰਜ ਕੀਤੀ ਗਈ ਸੀ।
ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰਾਂ ( ਪਾਸਟਰ ਜਤਿੰਦਰ, ਪਾਸਟਰ ਅਕਬਰ, ਸੱਤਾਰ ਅਲੀ ਅਤੇ ਸੰਦੀਪ ਪਹਿਲਵਾਨ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਨੂੰ ਪਿਛਲੀ ਤਰੀਕ ਨੂੰ ਰਾਹਤ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ ‘ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਇਹ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਮੋਹਾਲੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਨੇ ਹਾਲ ਹੀ ਵਿਚ ਮੁੱਲਾਂਪੁਰ ਪੁਲਸ ਸਟੇਸ਼ਨ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਇਸ ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਕੀਤੇ ਹਨ। ਹਾਲ ਹੀ ਵਿਚ ਵਾਇਰਲ ਹੋਈ ਇਕ ਵੀਡੀਓ ਵਿਚ ਬਜਿੰਦਰ ਸਿੰਘ ਆਪਣੇ ਦਫ਼ਤਰ ਵਿਚ ਇਕ ਔਰਤ ਅਤੇ ਹੋਰਨਾਂ ਨਾਲ ਕੁੱਟਮਾਰ ਕਰਦਾ ਵੀ ਨਜ਼ਰ ਆਇਆ ਸੀ।