ਚੰਡੀਗੜ੍ਹ : ਸਿਹਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂ ਡਾ. ਬਲਬੀਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿੱਟੂ ਨੇ ਇੰਟਰਨੈੱਟ ਮੀਡੀਆ ਰਾਹੀਂ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਹਨ, ਜਿਸ ਨਾਲ ਉਨ੍ਹਾਂ ਦਾ ਅਤੇ ਸਰਕਾਰ ਦਾ ਅਕਸ ਖਰਾਬ ਹੋਇਆ ਹੈ।
ਡਾ. ਬਲਬੀਰ ਸਿੰਘ ਦੇ ਅਨੁਸਾਰ, ਰਵਨੀਤ ਬਿੱਟੂ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਸਰਕਾਰੀ ਵਾਹਨਾਂ ਵਿੱਚ ਸਰਕਾਰੀ ਪੈਸਾ ਦਿੱਲੀ ਲੈ ਜਾਂਦੇ ਹਨ ਅਤੇ ਇਸਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਜਮ੍ਹਾ ਕਰਵਾਉਂਦੇ ਹਨ। ਉਨ੍ਹਾਂ ਇਸ ਬਿਆਨ ਨੂੰ ਝੂਠਾ, ਅਪਮਾਨਜਨਕ ਅਤੇ ਸਰਕਾਰ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲਾ ਦੱਸਿਆ।
ਇਸ ਮਾਮਲੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਪਟੀਸ਼ਨ ਦੇ ਨਾਲ, ਬਿੱਟੂ ਦੇ ਬਿਆਨਾਂ ਦੇ ਵੀਡੀਓ ਅਤੇ ਇੰਟਰਨੈੱਟ ਮੀਡੀਆ ‘ਤੇ ਅਪਲੋਡ ਕੀਤੇ ਲਿੰਕ ਵੀ ਜਮ੍ਹਾਂ ਕਰਵਾਏ ਗਏ ਹਨ। ਅਦਾਲਤ ਨੇ ਪਹਿਲੀ ਨਜ਼ਰ ‘ਤੇ ਹੀ ਮਾਮਲੇ ਨੂੰ ਸਵੀਕਾਰ ਕਰਦੇ ਹੋਏ ਬਿੱਟੂ ਨੂੰ ਇੰਟਰਨੈੱਟ ਮੀਡੀਆ ‘ਤੇ ਅਜਿਹੇ ਬਿਆਨ ਦੇਣ ਤੋਂ ਰੋਕ ਦਿੱਤਾ ਹੈ।
ਇਸ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਨੂੰ ਹੋਵੇਗੀ।
