ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ ਵਧਾਈਆਂ ਫੀਸਾਂ, ਮੱਧ ਵਰਗ ਦੇ ਮਾਪੇ ਪ੍ਰੇਸ਼ਾਨ – ‘ਆਪ’ ਨੇ ਭਾਜਪਾ ‘ਤੇ ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਭਾਜਪਾ ਸਰਕਾਰ ਖ਼ਿਲਾਫ਼ ਤਿੱਖਾ ਰੁਖ ਅਖਤਿਆਰ ਕੀਤਾ ਗਿਆ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕਈ ਨਿੱਜੀ ਸਕੂਲਾਂ ਨੇ 20 ਤੋਂ 82 ਫੀਸਦੀ ਤੱਕ ਫੀਸ ਵਧਾ ਦਿੱਤੀ ਹੈ, ਜਿਸ ਕਾਰਨ ਮੱਧ ਵਰਗ ਦੇ ਮਾਪਿਆਂ ਲਈ ਬੱਚਿਆਂ ਦੀ ਪੜ੍ਹਾਈ ਮੁਸ਼ਕਲ ਹੋ ਰਹੀ ਹੈ।

ਪਾਰਟੀ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਜਿਵੇਂ ਹੀ ਭਾਜਪਾ ਦੀ ਸਰਕਾਰ ਬਣੀ, ਉਥੇ ਮੱਧ ਵਰਗ ਨੂੰ ਵੱਡੇ ਝਟਕੇ ਲੱਗਣ ਲੱਗ ਪਏ ਹਨ। ਪਹਿਲਾਂ 24 ਘੰਟੇ ਮਿਲਣ ਵਾਲੀ ਬਿਜਲੀ ਰੁਕ ਗਈ ਹੈ, ਹੁਣ ਫੀਸਾਂ ਦੇ ਵਾਧੇ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਦਿੱਲੀ ਦੇ ਕਈ ਸਕੂਲ, ਜਿਵੇਂ ਕਿ ਦਵਾਰਕਾ, ਵਸੰਤ ਕੁੰਜ ਅਤੇ ਰੋਹਣੀ ਸਥਿਤ ਇੱਕ ਮਸ਼ਹੂਰ ਸਕੂਲ, ਨੇ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਮਾਪੇ ਵਧੀ ਹੋਈ ਫੀਸ ਨਹੀਂ ਭਰਦੇ, ਉਨ੍ਹਾਂ ਦੇ ਬੱਚਿਆਂ ਨੂੰ ਕਲਾਸਾਂ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ। ਉਨ੍ਹਾਂ ਨੂੰ ਲਾਇਬ੍ਰੇਰੀ ਵਿੱਚ ਬੈਠਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਨਤੀਜੇ ਰੋਕ ਲਏ ਜਾਂਦੇ ਹਨ।

ਮਯੂਰ ਵਿਹਾਰ ਸਥਿਤ ਇੱਕ ਹੋਰ ਸਕੂਲ ਨੇ 82 ਫੀਸਦੀ ਤੱਕ ਫੀਸ ਵਧਾ ਦਿੱਤੀ ਹੈ। ਇਹ ਸਕੂਲ ਪਹਿਲਾਂ ਹੀ 57 ਫੀਸਦੀ ਵਾਧਾ ਕਰ ਚੁੱਕਾ ਸੀ। ਇਹ ਸਾਰੀ ਸਥਿਤੀ ਦੇਖਦੇ ਹੋਏ ‘ਆਪ’ ਨੇ ਕਿਹਾ ਕਿ ਇਹੀ ਕਾਰਨ ਸੀ ਕਿ ਅਰਵਿੰਦ ਕੇਜਰੀਵਾਲ ਚੋਣਾਂ ਦੌਰਾਨ ਵਾਰ-ਵਾਰ ਕਹਿੰਦੇ ਸਨ ਕਿ ਭਾਜਪਾ ਦੀ ਸਰਕਾਰ ਆਈ ਤਾਂ ਨਿੱਜੀ ਸਕੂਲਾਂ ਦੀਆਂ ਫੀਸਾਂ ਬੇਲਗਾਮ ਹੋ ਜਾਣਗੀਆਂ।

By Gurpreet Singh

Leave a Reply

Your email address will not be published. Required fields are marked *