ਨੈਸ਼ਨਲ ਟਾਈਮਜ਼ ਬਿਊਰੋ :- ਸਾਊਦੀ ਅਰਬ ਵੱਲੋਂ ਭਾਰਤ ਸਮੇਤ 14 ਦੇਸ਼ਾਂ ਦੇ ਲੋਕਾਂ ਲਈ ਉਮਰਾਹ, ਵਪਾਰਕ ਅਤੇ ਪਰਿਵਾਰਕ ਵੀਜ਼ਿਆਂ ‘ਤੇ ਅਸਥਾਈ ਪਾਬੰਦੀ ਲਾ ਦਿੱਤੀ ਗਈ ਹੈ। ਇਹ ਫੈਸਲਾ ਆਉਣ ਵਾਲੇ ਹੱਜ ਸੀਜ਼ਨ ਤੋਂ ਪਹਿਲਾਂ ਲਿਆ ਗਿਆ ਹੈ, ਜਿਸ ਕਾਰਨ ਭਾਰਤੀਆਂ ਲਈ ਇਹ ਇਕ ਚਿੰਤਾਜਨਕ ਖ਼ਬਰ ਬਣੀ ਹੋਈ ਹੈ। ਇਹ ਪਾਬੰਦੀਆਂ ਜੂਨ ਦੇ ਅੱਧ ਤੱਕ ਲਾਗੂ ਰਹਿਣਗੀਆਂ।
ਸਾਊਦੀ ਅਰਬ ਨੇ ਪਾਬੰਦੀ ਦੇ ਕਾਰਨ ਵਜੋਂ ਦੱਸਿਆ ਹੈ ਕਿ ਕਈ ਲੋਕ ਉਮਰਾਹ ਜਾਂ ਵਪਾਰਕ ਵੀਜ਼ਾ ਲੈ ਕੇ ਹੱਜ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਸ਼ਾਮਿਲ ਹੋ ਜਾਂਦੇ ਹਨ, ਜਿਸ ਕਾਰਨ ਭੀੜ ਅਤੇ ਸੁਰੱਖਿਆ ਸੰਬੰਧੀ ਚੁਣੌਤੀਆਂ ਵਧ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਕਈ ਲੋਕ ਇਥੇ ਗੈਰਕਾਨੂੰਨੀ ਰੁਜ਼ਗਾਰ ਲਈ ਵੀ ਆਉਂਦੇ ਹਨ, ਜਿਸ ਨਾਲ ਲੇਬਰ ਮਾਰਕੀਟ ‘ਚ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਫਿਲਹਾਲ ਜਿਨ੍ਹਾਂ ਯਾਤਰੀਆਂ ਕੋਲ ਉਮਰਾਹ ਵੀਜ਼ਾ ਹੈ, ਉਹ 13 ਅਪ੍ਰੈਲ ਤੱਕ ਸਾਊਦੀ ਅਰਬ ‘ਚ ਰਹਿ ਸਕਣਗੇ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਯਾਤਰੀਆਂ ਦੀ ਸੁਰੱਖਿਆ ਅਤੇ ਹੱਜ ਦੌਰਾਨ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।ਸਾਊਦੀ ਅਰਬ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ‘ਚ ਰਹਿੰਦਾ ਮਿਲਿਆ ਤਾਂ ਉਸ ‘ਤੇ ਪੰਜ ਸਾਲ ਤੱਕ ਸਾਊਦੀ ‘ਚ ਦਾਖਲਾ ਲੈਣ ‘ਤੇ ਪਾਬੰਦੀ ਲੱਗ ਸਕਦੀ ਹੈ।