ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਸ਼ਿਆਂ ਵਿਰੁੱਧ ਜੰਗ ਚੱਲਾ ਰਹੇ ਹਨ ਅਤੇ ਇਸ ਮਕਸਦ ਨਾਲ ਉਹ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪੈਦਲ ਯਾਤਰਾ ਕਰ ਰਹੇ ਹਨ। ਅੱਜ ਉਹ ਅੰਮ੍ਰਿਤਸਰ ਵਿੱਚ ਪੈਦਲ ਯਾਤਰਾ ਦੇ ਦੂਜੇ ਦਿਨ ‘ਤੇ ਹਨ ਅਤੇ ਇਹ ਯਾਤਰਾ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਸ਼ੁਰੂ ਹੋਈ ਜੋ ਰਾਮਬਾਗ ਗਾਰਡਨ ਤੱਕ ਜਾਵੇਗੀ। ਭਲਕੇ ਇਹ ਯਾਤਰਾ ਜਲਿਆਂਵਾਲਾ ਬਾਗ ‘ਚ ਸਮਾਪਤ ਹੋਵੇਗੀ।
ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਜੋ ਸੂਰਬੀਰਾਂ ਅਤੇ ਸ਼ਹੀਦਾਂ ਲਈ ਜਾਣੀ ਜਾਂਦੀ ਹੈ, ਉਸਨੂੰ ਨਸ਼ਿਆਂ ਨਾਲ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਰਤ ਦੇ ਦੁਸ਼ਮਣ ਨਸ਼ਿਆਂ ਦੀ ਤਸਕਰੀ ਰਾਹੀਂ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਾਡੀਆਂ ਫੌਜਾਂ ਵੀ ਇਸਨੂੰ ਰੋਕਣ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ।
ਉਨ੍ਹਾਂ ਨੇ ਚਿੰਤਾ ਜਤਾਈ ਕਿ ਅੱਜ ਪੰਜਾਬ ਪੂਰੇ ਦੇਸ਼ ‘ਚ ਨਸ਼ਿਆਂ ਲਈ ਨੰਬਰ ਇੱਕ ‘ਤੇ ਹੈ ਜੋ ਬਹੁਤ ਦੁਖਦਾਈ ਗੱਲ ਹੈ। ਇਹ ਉਹੀ ਪੰਜਾਬ ਹੈ ਜਿਸ ਨੇ ਦੇਸ਼ ਦੀ ਰੱਖਿਆ ਲਈ ਬੇਹਿਸਾਬ ਕੁਰਬਾਨੀਆਂ ਦਿੱਤੀਆਂ ਹਨ। ਰਾਜਪਾਲ ਨੇ ਇਹ ਵੀ ਕਿਹਾ ਕਿ ਪਿੰਡ ਪੱਧਰ ‘ਤੇ ਬਣਾਈਆਂ ਗਈਆਂ ਸੁਰੱਖਿਆ ਕਮੇਟੀਆਂ ਨਸ਼ਿਆਂ ਦੇ ਖਿਲਾਫ਼ ਬੜੀ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ, ਜੋ ਕਾਬਲੇ ਤਾਰੀਫ਼ ਹੈ।
ਉਨ੍ਹਾਂ ਅੰਤ ਵਿੱਚ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਪੰਜਾਬ ਦੀ ਨਹੀਂ ਸਗੋਂ ਪੂਰੇ ਦੇਸ਼ ਦੀ ਹੈ। ਇਸੇ ਲਈ ਪੰਜਾਬ ਸਰਕਾਰ ਵੱਲੋਂ ਇਸਨੂੰ ਖਤਮ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।