ਚੰਡੀਗੜ੍ਹ, 7 ਅਪ੍ਰੈਲ (ਗੁਰਪ੍ਰੀਤ ਸਿੰਘ): ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਝੂਠੇ ਪ੍ਰਚਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਢੱਕਣ ਲਈ ਅਧਿਆਪਕਾਂ ਅਤੇ ਸਿਹਤ ਕਰਮਚਾਰੀਆਂ ਨੂੰ ਮਜ਼ਬੂਰ ਕਰ ਰਹੀ ਹੈ ਕਿ ਉਹ ਮੰਤਰੀਆਂ ਦੀਆਂ ਗਤੀਵਿਧੀਆਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਸ਼ੇਅਰ ਕਰਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੁਰੰਮਤ ਕੀਤੀਆਂ ਕੰਧਾਂ ਜਾਂ ਪਖਾਨਿਆਂ ਦੇ ਉਦਘਾਟਨ ਕੀਤੇ ਜਾ ਰਹੇ ਹਨ।ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਹ ਸੱਚ ਵਿੱਚ ਹੀ ਲੋਕ ਭਲਾਈ ਦੀਆਂ ਗਤੀਵਿਧੀਆਂ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਅਧੀਨ ਕਰਮਚਾਰੀਆਂ ਨੂੰ ਆਪਣੀ ਗਤੀਵਿਧੀ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰਨ ਲਈ ਕਿਉਂ ਮਜ਼ਬੂਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦਾ ਖਜ਼ਾਨਾ ਆਪਣੇ ਆਕਾ ਅਰਵਿੰਦ ਕੇਜ਼ਰੀਵਾਲ ਦੇ ਹਿੱਤਾਂ ਦੀ ਪੂਰਤੀ ਲਈ ਉਜਾੜ ਦਿੱਤਾ ਹੈ ਜਿਸ ਦਾ ਬਦਲਾ ਪੰਜਾਬ ਦੇ ਲੋਕ 2027 ਦੌਰਾਨ ਲੈ ਲੈਣਗੇੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਫੇਲ੍ਹ ਹੋਏ ਆਗੂ ਅਰਵਿੰਦ ਕੇਜ਼ਰੀਵਾਲ ਨੂੰ ਪੰਜਾਬ ਦਾ ਹੀਰੋ ਬਣਾਉਣ ਦੇ ਯਤਨਾਂ ਵਿੱਚ ਹੈ। ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਸਹਿਣ ਨਹੀਂ ਕਰ ਸਕਦੇ। ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਗੱਲ ਪੂਰੀ ਤਰ੍ਹਾਂ ਪਤਾ ਹੈ ਕਿ ਇਸ ਦੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਦੀਆਂ ਉਮੀਦਾਂ ਇਸ ਤੋਂ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ ਜਿਸ ਕਾਰਨ ਹੁਣ ਇਹ ਸੋਸ਼ਲ ਮੀਡਿਆ ਦਾ ਸਹਾਰਾ ਲੈ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਅਸਫ਼ਲ ਕੋਸਿਸ਼ ਕਰ ਰਹੀ ਹੈ।