ਭਾਰਤ ਤੇ ਪੁਰਤਗਾਲ ਸਹਿਯੋਗ ਮਜ਼ਬੂਤ ਕਰਨ ਲਈ ਸਹਿਮਤ !

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਤੇ ਪੁਰਗਤਾਲ ਨੇ ਅੱਜ ਸੰਯੁਕਤ ਰਾਸ਼ਟਰ ਸਮੇਤ ਹੋਰ ਆਲਮੀ ਮੰਚਾਂ ’ਤੇ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪੁਰਤਗਾਲ ਦੇ ਰਾਸ਼ਟਰਪਤੀ ਮਾਰਸੈਲੋ ਰੇਬੈਲੋ ਡੀ ਸੌਸਾ ਵਿਚਾਲੇ ਇੱਥੇ ਹੋਈ ਗੱਲਬਾਤ ਦੌਰਾਨ ਇਹ ਸਹਿਮਤੀ ਬਣੀ। ਪੁਰਤਗਾਲ ਦੀ ਦੋ ਰੋਜ਼ਾ ਅਧਿਕਾਰਤ ਯਾਤਰਾ ’ਤੇ ਆਈ ਰਾਸ਼ਟਰਪਤੀ ਮੁਰਮੂ ਨੇ ਡੀ ਸੌਸਾ ਨਾਲ ਇਕੱਲਿਆਂ ਮੀਟਿੰਗ ਕੀਤੀ ਜਿਸ ਮਗਰੋਂ ਵਫ਼ਦ ਪੱਧਰੀ ਵਾਰਤਾ ਹੋਈ।

ਵਾਰਤਾ ’ਚ ਦੋਵਾਂ ਦੇਸ਼ਾਂ ਦੇ ਹਿੱਤਾਂ ਨਾਲ ਸਬੰਧਤ ਸਾਰੇ ਮਸਲਿਆਂ ’ਤੇ ਚਰਚਾ ਕੀਤੀ ਗਈ। ਪੁਰਤਗਾਲੀ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ‘ਪੈਲੇਸੀਓ ਡੀ ਬੈਲੇਮ’ ’ਚ ਉਨ੍ਹਾਂ ਦੀ ਮੀਟਿੰਗ ਮਗਰੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਅਹਿਮ ਪੱਖਾਂ ’ਤੇ ਚਰਚਾ ਕੀਤੀ। ਮੁਰਮੂ ਨੇ ਕਿਹਾ, ‘ਅਸੀਂ ਸਾਂਝੇ ਹਿੱਤਾਂ ਦੇ ਆਲਮੀ ਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਅਸੀਂ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ਅਤੇ ਵਿਸ਼ੇਸ਼ ਤੌਰ ’ਤੇ ਵਪਾਰ ਤੇ ਨਿਵੇਸ਼, ਵਿਗਿਆਨ ਤੇ ਤਕਨੀਕ, ਸੂਚਨਾ ਤੇ ਡਿਜੀਟਲ ਤਕਨੀਕ, ਨਵਿਆਉਣਯੋਗ ਊਰਜਾ, ਸੰਪਰਕ ਤੇ ਗਤੀਸ਼ੀਲਤਾ ਦੇ ਖੇਤਰ ’ਚ ਅਤੇ ਲੋਕਾਂ ਵਿਚਾਲੇ ਆਪਸੀ ਸੰਪਰਕ ਨੂੰ ਹੋਰ ਹੁਲਾਰਾ ਦੇਣ ਦਾ ਅਹਿਦ ਲਿਆ।’ ਉਨ੍ਹਾਂ ਕਿਹਾ, ‘ਅਸੀਂ ਸੰਯੁਕਤ ਰਾਸ਼ਟਰ ਤੇ ਹੋਰ ਆਲਮੀ ਮੰਚਾਂ ’ਤੇ ਆਪਸੀ ਤਾਲਮੇਲ ਤੇ ਸਹਿਯੋਗ ਮਜ਼ਬੂਤ ਕਰਨ ’ਤੇ ਸਹਿਮਤੀ ਜ਼ਾਹਿਰ ਕੀਤੀ ਹੈ।

By Rajeev Sharma

Leave a Reply

Your email address will not be published. Required fields are marked *