ਜ਼ੀਰਕਪੁਰ, 9 ਅਪ੍ਰੈਲ (ਗੁਰਪ੍ਰੀਤ ਸਿੰਘ): ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਕਰੀਬ 11 ਸਾਲਾਂ ਬਾਅਦ ਫਿਰ ਤੋਂ ਲੀਹ ’ਤੇ ਆਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ ਪੰਜਾਬ ਤੇ ਹਰਿਆਣਾ ਵਿਚਾਲੇ 1800 ਕਰੋੜ ਦੀ ਲਾਗਤ ਵਾਲੇ ਛੇ ਮਾਰਗੀ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਹਰੀ ਝੰਡੀ ਦੇਣ ਮਿਲ ਗਈ ਹੈ।
ਇਸ ਪ੍ਰਾਜੈਕਟ ’ਤੇ ਜਲਦੀ ਹੀ ਟੈਂਡਰ ਅਲਾਟ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪ੍ਰਸਤਾਵਿਤ ਬਾਈਪਾਸ ਲਗਭਗ 16.5 ਕਿਲੋਮੀਟਰ ਲੰਬਾ ਹੋਵੇਗਾ। ਜਿਸ ਤੇ ਕਰੀਬ 1800 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਪ੍ਰੋਜੈਕਟ ਨੂੰ ਪੀਆਰ 7 ਵਜੋਂ ਜਾਣਿਆ ਜਾਵੇਗਾ। ਇਸ ਬਾਈਪਾਸ ਦੇ ਬਣਨ ਨਾਲ ਦੋਵਾਂ ਰਾਜਾਂ ਖਾਸ ਕਰਕੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਸਬੰਧਤ ਵਿਭਾਗ ਵੱਲੋਂ ਇਸ ਪ੍ਰਾਜੈਕਟ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਜਾਮ ਨੂੰ ਘੱਟ ਕਰਨ ਲਈ ਐੱਨਐੱਚਏਆਈ 200 ਫੁੱਟ ਚੌੜਾਈ ਵਾਲਾ 6 ਮਾਰਗੀ ਬਾਈਪਾਸ ਬਣਾਏਗਾ। ਇਹ ਪ੍ਰੋਜੈਕਟ ਅੰਬਾਲਾ ਤੋਂ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੂੰ ਬਦਲਵਾਂ ਰਸਤਾ ਪ੍ਰਦਾਨ ਕਰੇਗਾ। ਜਿਸ ਨਾਲ ਟ੍ਰਾਈਸਿਟੀ ਖੇਤਰ ਵਿੱਚ ਟ੍ਰੈਫਿਕ ਦੀ ਸਮੱਸਿਆ ਘੱਟ ਹੋਵੇਗੀ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਚੰਡੀਮੰਦਰ ਪੱਛਮੀ ਕਮਾਂਡ ਹੈੱਡਕੁਆਰਟਰ ਤੋਂ ਚੰਡੀਗੜ੍ਹ ਹਵਾਈ ਅੱਡੇ ਤੱਕ ਸਿਗਨਲ-ਮੁਕਤ ਸੰਪਰਕ ਪ੍ਰਦਾਨ ਕਰੇਗਾ।
ਕਿੱਥੋਂ ਸੁਰੂ ਹੋਵੇਗਾ:-
ਇਹ ਬਾਈਪਾਸ ਪ੍ਰੋਜੈਕਟ ਪਟਿਆਲਾ-ਜ਼ੀਰਕਪੁਰ ਲਾਈਟ ਪੁਆਇੰਟ ਤੋਂ ਸ਼ੁਰੂ ਹੋ ਕੇ ਪੁਰਾਣੇ ਪੰਚਕੂਲਾ ਲਾਈਟ ਪੁਆਇੰਟ ਤੇ ਸਮਾਪਤ ਹੋਵੇਗਾ। ਬਾਈਪਾਸ ਅੰਬਾਲਾ-ਜ਼ੀਰਕਪੁਰ ਹਾਈਵੇਅ ਤੇ ਮੈਕਡੋਨਲਡਜ਼ ਨੂੰ ਪਾਰ ਕਰੇਗਾ, ਪੰਚਕੂਲਾ ਦੇ ਸੈਕਟਰ 20-21 ਰੋਡ ਨਾਲ ਮਿਲਾਉਣ ਤੋਂ ਪਹਿਲਾਂ ਪੀਰ ਮੁਛੱਲਾ, ਸਨੋਲੀ, ਗਾਜ਼ੀਪੁਰ ਅਤੇ ਨਗਲਾ ਤੋਂ ਲੰਘੇਗਾ।
ਟ੍ਰੈਫਿਕ ਨੂੰ ਮਿਲੇਗਾ ਸਾਹ
ਇਸ ਪ੍ਰਾਜੈਕਟ ਨਾਲ ਜ਼ੀਰਕਪੁਰ ਵਿੱਚ ਟਰੈਫਿਕ ਸਬੰਧੀ ਰੁਕਾਵਟਾਂ ਵੀ ਦੂਰ ਹੋ ਜਾਣਗੀਆਂ। ਇਸ ਪ੍ਰਾਜੈਕਟ ’ਤੇ ਕੇਂਦਰ ਤੇ ਐੱਨਐੱਚਏਆਈ ਦਾ ਹੈ ਧਿਆਨ ਕੇਂਦਰ ਸਰਕਾਰ ਅਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਦਾ ਧਿਆਨ ਇਸ ਪੂਰੇ ਪ੍ਰੋਜੈਕਟ ਤੇ ਹੈ, ਕਿਉਂਕਿ ਤਿੰਨ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮੌਜੂਦਾ ਆਵਾਜਾਈ ਸੰਪਰਕ ਬਹੁਤ ਮਾੜੀ ਹਾਲਤ ਵਿੱਚ ਹੈ। ਜ਼ੀਰਕਪੁਰ ਵਿੱਚ ਹਰ ਪਾਸੇ ਤੋਂ ਆਵਾਜਾਈ ਜਾਮ ਹੈ। ਇਸ ਲਈ ਇਸ ਬਾਈਪਾਸ ਨੂੰ ਬਣਾਉਣ ਦੀ ਲੋੜ ਹੈ। ਇਸ ਬਾਈਪਾਸ ਦੇ ਬਣਨ ਨਾਲ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਹਰ ਰੋਜ਼ ਜ਼ੀਰਕਪੁਰ ਦੀ ਲੰਬੀ ਟਰੈਫਿਕ ਵਿੱਚ ਨਹੀਂ ਫਸਣਾ ਪਵੇਗਾ।
2018 ਤੋਂ ਅਧੂਰਾ ਹੈ ਇਹ ਪ੍ਰੋਜੈਕਟ:-
ਜ਼ਿਕਰਯੋਗ ਹੈ ਕਿ ਜ਼ੀਰਕਪੁਰ ਅਤੇ ਪੰਚਕੂਲਾ ਵਿਚਕਾਰ ਬਣਨ ਵਾਲਾ ਪ੍ਰਾਜੈਕਟ ਸਾਲ 2018 ਤੋਂ ਪਹਿਲਾਂ ਤਿਆਰ ਹੋ ਜਾਣਾ ਚਾਹੀਦਾ ਸੀ ਪਰ ਹੁਣ ਤੱਕ ਇਹ ਪੈਂਡਿੰਗ ਸੀ। ਹੁਣ ਐਨਐਚਏਆਈ ਨੂੰ ਵੀ ਜ਼ੀਰਕਪੁਰ ਵਿੱਚ ਰੋਜ਼ਾਨਾ ਵੱਧਦੇ ਜਾਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਰਿੰਗ ਰੋਡ ਪ੍ਰਾਜੈਕਟ ਨੂੰ ਪੂਰਾ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਨਾਲ ਪੰਚਕੂਲਾ ਸੈਕਟਰ-20/21 ਵਿੱਚ ਟਰੈਫਿਕ ਦੀ ਸਮੱਸਿਆ ਵੀ ਘੱਟ ਹੋਵੇਗੀ।