Punjab: ਪਾਲਤੂ ਜਾਨਵਰ ਵੇਚਣ ਵਾਲੇ ਪੜ੍ਹ ਲਓ ਇਹ ਖ਼ਬਰ, ਕਿੱਤੇ ਤੁਹਾਡੇ ‘ਤੇ ਨਾ ਹੋ ਜਾਵੇ ਕਾਨੂੰਨੀ ਕਾਰਵਾਈ

ਅਜਨਾਲਾ/ਰਮਦਾਸ- ਪਿਛਲੇ ਸਮੇਂ ਦੌਰਾਨ ਪਿੱਟ ਬੁੱਲ ਡੌਗ ਅਤੇ ਹੋਰ ਖਤਰਨਾਕ ਕੁੱਤਿਆਂ ਦੀਆਂ ਨਸਲਾਂ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਇਨ੍ਹਾਂ ਨਸਲਾਂ ਦੀ ਵਿਕਰੀ ਅਤੇ ਪੈਦਾਵਾਰ ਲਗਾਤਾਰ ਹੋ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ 2018 ਵਿਚ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤਹਿਤ ਹੁਣ ਪੰਜਾਬ ਸਰਕਾਰ ਵਲੋਂ ਪਸ਼ੂ ਭਲਾਈ ਬੋਰਡ ਪੰਜਾਬ ਨੂੰ ਮੁੜ ਸੁਰਜੀਤ ਕਰਦਿਆਂ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੁੱਤਿਆਂ ਦੀ ਰਜਿਸਟਰੇਸ਼ਨ ਜ਼ਰੂਰੀ ਕਰ ਦਿੱਤੀ ਹੈ।

ਓਧਰ ਇਸ ਸਬੰਧੀ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ ਡਾ. ਨਵਰਾਜ ਸਿੰਘ ਸੰਧੂ ਨੇ ਦੱਸਿਆ ਕਿ ਇਸ ਐਕਟ ਤਹਿਤ ਜ਼ਿਲ੍ਹੇ ਵਿਚ ਸਥਾਪਤ ਪੈੱਟ ਸ਼ਾਪ ਅਤੇ ਡੌਗ ਬਰੀਡਰਾਂ ਦੀ ਪਛਾਣ ਕਰ ਕੇ ਉਨ੍ਹਾਂ ਦੁਕਾਨਾਂ ਦੀ ਇਕ ਲਿਸਟ ਬਣਾਈ ਜਾਵੇਗੀ, ਜਿਨ੍ਹਾਂ ’ਤੇ ਕੇਵਲ ਜਾਨਵਰ-ਪੰਛੀਆਂ ਦਾ ਸਾਜੋ-ਸਾਮਾਨ ਵੇਚਿਆ ਜਾਂਦਾ ਹੈ ਅਤੇ ਅਜਿਹੀਆਂ ਦੁਕਾਨਾਂ ’ਤੇ ਨਾਨ ਲਾਈਟ ਐਨੀਮਲ ਸੋਲਡ ਦਾ ਬੋਰਡ ਲਗਾਇਆ ਜਾਣਾ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਜਾਨਵਰ, ਪੰਛੀ ਵੇਚਦੇ ਜਾਂ ਖਰੀਦਦੇ ਹਨ, ਉਨ੍ਹਾਂ ਦੀ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਅਧੀਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੈੱਟ ਸ਼ਾਪ ਦੀ ਰਜਿਸਟ੍ਰੇਸ਼ਨ ਫੀਸ 5000 ਰੁਪਏ 5 ਸਾਲਾਂ ਲਈ ਹੈ ਅਤੇ ਡੌਗ ਬਰੀਡਿੰਗ ਸੈਂਟਰ ਚਲਾਉਣ ਲਈ ਦੋ ਸਾਲਾਂ ਦੀ ਫੀਸ 5 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ।

ਡਾ. ਸੰਧੂ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ 42 ਡੌਗ ਬਰੀਡਰਜ਼ ਅਤੇ 82 ਪੈੱਟ ਸ਼ਾਪਾਂ ਦੀ ਪਛਾਣ ਕੀਤੀ ਗਈ ਹੈ ਅਤੇ ਐਕਟ ਲਾਗੂ ਕਰਨ ਲਈ ਪੁਲਸ ਕਮਿਸ਼ਨਰ ਅੰਮ੍ਰਿਤਸਰ ਤੋਂ ਨਿਰਦੇਸ਼ ਅਤੇ ਪ੍ਰਸ਼ਾਸਨ ਤੋਂ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਪਾਲਤੂ ਜਾਨਵਰ ਅਤੇ ਕੁੱਤੇ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਕਿ ਪਾਲਤੂ ਜਾਨਵਰਾਂ ਦੀ ਭਲਾਈ ਲਈ ਉਹ ਕੇਵਲ ਰਜਿਸਟ੍ਰੇਸ਼ਨ ਵਿਕਰੇਤਾ ਕੋਲੋਂ ਪਾਲਤੂ ਜਾਨਵਰ, ਪੰਛੀ ਅਤੇ ਕੁੱਤੇ ਖਰੀਦਣ ਅਤੇ ਜੇਕਰ ਕੋਈ ਵਿਅਕਤੀ ਜਾਂ ਦੁਕਾਨਦਾਰ ਪਸ਼ੂ ਭਲਾਈ ਬੋਰਡ ਦੀ ਰਜਿਸਟ੍ਰੇਸ਼ਨ ਤੋਂ ਬਿਨਾਂ ਪਾਲਤੂ ਜਾਨਵਰ, ਪੰਛੀ, ਕੁੱਤੇ ਜਾਂ ਬਰੀਡਿੰਗ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

By Gurpreet Singh

Leave a Reply

Your email address will not be published. Required fields are marked *