ਰਸ਼ੀਆ ‘ਚ ਹੋਇਆ ਤਸ਼ਦੱਦ, ਜ਼ਬਰਦਸਤੀ ਕੀਤੀ ਫੌਜ ਦੀ ਨੌਕਰੀ, ਹੁਣ ਪੰਜਾਬ ਪਹੁੰਚ ਸੁਣਾਈ ਹੱਡਬੀਤੀ

ਅੰਮ੍ਰਿਤਸਰ: ਵਿਦੇਸ਼ਾਂ ‘ਚ ਨੌਕਰੀ ਦੀ ਇੱਛਾ ਆਖਰ ਪੰਜਾਬੀਆਂ ਦੇ ਲਈ ਮੌਤ ਦਾ ਫਰਮਾਨ ਬਣਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਟੂਰਿਸਟ ਵੀਜ਼ੇ ‘ਤੇ ਗਏ ਅਜਨਾਲਾ ਦੇ ਪਿੰਡ ਜਗਦੇਵ ਖੁਰਦ ਦੇ ਇੱਕ ਨੌਜਵਾਨ ਨੂੰ ਜ਼ਬਰਦਸਤੀ ਰੂਸ ਦੀ ਆਰਮੀ ‘ਚ ਭਰਤੀ ਕਰਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ। ਨੌਜਵਾਨ ਦੀ ਕਿਸਮਤ ਚੰਗੀ ਸੀ ਉਸ ਨੇ ਪੰਜ ਮਹੀਨੇ ਰਸ਼ੀਆ ਦੀ ਫੌਜ ਵਿੱਚ ਨੌਕਰੀ ਕਰਨ ਅਤੇ ਦੋ ਮਹੀਨੇ ਦੀ ਜੇਲ੍ਹ ਕੱਟਣ ਤੋਂ ਬਾਅਦ ਆਪਣੇ ਘਰ ਵਾਪਸ ਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਵੱਲੋਂ ਰਸ਼ੀਆ ਦੇ ਟੂਰਿਸਟ ਵੀਜ਼ੇ ‘ਤੇ ਗਿਆ ਸੀ ਪਰ ਉਸਨੂੰ ਸਿੱਧਾ ਹੀ ਆਰਮੀ ਬੇਸ ਕੈਂਪ ਵਿੱਚ ਸੁੱਟ ਦਿੱਤਾ ਗਿਆ, ਜਿੱਥੇ ਉਸ ਨੂੰ 20 ਤੋਂ 21 ਦਿਨ ਦੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਫਰੰਟ ਲਾਈਨ ‘ਤੇ ਭੇਜ ਦਿੱਤਾ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵੀਜ਼ਾ ਲਗਾਉਣ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਸਿਰਫ ਉੱਥੇ ਜਾ ਕੇ ਕੋਰੀਅਰ ਵਿੱਚ ਕੰਮ ਕਰਨਾ ਹੈ, ਜਿਸ ਦੀ ਉਹਨੂੰ 80 ਤੋਂ 85000 ਰੁਪਏ ਮਹੀਨਾ ਤਨਖਾਹ ਮਿਲੇਗੀ ਪਰ ਜਦ ਉਹ ਉੱਥੇ ਪਹੁੰਚਿਆ ਤਾਂ ਉਸ ਨੂੰ ਸਿੱਧਾ ਹੀ ਆਰਮੀ ਵਿੱਚ ਭਰਤੀ ਕਰ ਲਿਆ ਗਿਆ । ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਖਾਣ ਵਿੱਚ ਸਿਰਫ 30-35 ਘੰਟਿਆਂ ਬਾਅਦ ਥੋੜੇ ਜਿਹੇ ਚਾਵਲ ਦਿੱਤੇ ਜਾਂਦੇ ਸਨ ਅਤੇ ਪਾਣੀ ਵੀ ਕਦੇ ਕਦੇ ਹੀ ਮਿਲਦਾ ਸੀ।

PunjabKesari

ਸਰਬਜੀਤ ਨੇ ਦੱਸਿਆ ਕਿ ਉਹ ਪੰਜ ਮਹੀਨੇ ਯੂਕਰੇਨ ਦੇ ਵਿਰੁੱਧ ਲੜਦਾ ਰਿਹਾ ਜਿਸ ਵਿੱਚ ਕਈ ਪੰਜਾਬੀ ਹੋਰ ਨੌਜਵਾਨ ਵੀ ਜ਼ਖ਼ਮੀ ਵੀ ਹੋਏ ਤੇ ਕਈਆਂ ਦੀ ਮੌਤ ਵੀ ਹੋ ਗਈ। ਉਸ ਨੇ ਦੱਸਿਆ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕ੍ਰਿਪਾ ਹੈ ਕਿ ਉਹ ਜਿਊਂਦਾ ਸਹੀ ਸਲਾਮਤ ਆਪਣੇ ਘਰ ਵਾਪਸ ਆਇਆ ਹੈ। ਉਸਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਸ਼ੀਆ ਗਏ ਸਨ ਤਾਂ ਉਨ੍ਹਾਂ ਨੇ ਮੁੱਦਾ ਚੁੱਕਿਆ ਸੀ ਕਿ ਦੇਸ਼ ਦੇ ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਜਾਵੇ ਜਿਸ ‘ਤੇ ਰਸ਼ੀਆ ਸਰਕਾਰ ਵੱਲੋਂ ਵਾਪਸ ਭੇਜ ਦਿੱਤਾ ਗਿਆ ਹੈ। ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਲਕੁੱਲ ਕੋਈ ਵੀ ਆਸ ਉਮੀਦ ਨਹੀਂ ਸੀ ਕਿ ਉਹ ਦੁਬਾਰਾ ਆਪਣੇ ਘਰ ਜ਼ਿੰਦਾ ਵਾਪਸ ਆ ਸਕਣਗੇ। 

ਇਸ ਸਬੰਧੀ ਸਰਬਜੀਤ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਸਨ ਅਤੇ ਉਸਦੀ ਸਿਹਤ ਵੀ ਖਰਾਬ ਹੁੰਦੀ ਜਾ ਰਹੀ ਸੀ ਜਦ ਉਸ ਦੇ ਪੋਤਰੇ ਉਸ ਨੂੰ ਪੁੱਛਦੇ ਸਨ ਵੀ ਪਾਪਾ ਕਦੋਂ ਆਉਣਗੇ ਤਾਂ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਹੁੰਦਾ ਪਰ ਅੱਜ ਉਹ ਪਰਮਾਤਮਾ ਦਾ ਸ਼ੁਕਰ ਕਰਦੀ ਹੈ ਕਿ ਉਸ ਦਾ ਬੇਟਾ ਸਹੀ ਸਲਾਮਤ ਘਰ ਵਾਪਸ ਆ ਗਿਆ ਜਿਸ ਦੀ ਉਸ ਨੂੰ ਕੋਈ ਉਮੀਦ ਨਹੀਂ ਸੀ। ਆਪਣੇ ਭਰੇ ਮਨ ਨਾਲ ਉਸਨੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਅਜਿਹੇ ਠੱਗ ਟਰੈਵਲ ਏਜੰਟਾ ਵਿਰੁੱਧ ਕਾਨੂੰਨੀ ਸਖ਼ਤ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਪਿੰਡ ਵਾਸੀਆਂ ਵੀ ਮੰਗ ਕੀਤੀ ਕਿ ਅਜਿਹੇ ਟਰੈਵਲ ਏਜੰਟ ਜੋ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ੀ ਧਰਤੀ ‘ਤੇ ਮਰਨ ਲਈ ਸੁੱਟ ਦਿੰਦੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਟਰੈਵਲ ਏਜੰਟ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ।

By Gurpreet Singh

Leave a Reply

Your email address will not be published. Required fields are marked *