ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ ‘ਭਾਰਤ ਦੀ ਵਧਦੀ ਬਜ਼ੁਰਗ ਆਬਾਦੀ ਦੀਆਂ ਚੁਣੌਤੀਆਂ’ ਵਿਸ਼ੇ ਬਾਰੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਰਾਸ਼ਟਰੀ ਸਮਾਜਿਕ ਰੱਖਿਆ ਸੰਸਥਾਨ ਵੱਲੋਂ ਸਪਾਂਸਰ ਇਸ ਪ੍ਰੋਗਰਾਮ ਦਾ ਉਦੇਸ਼ ਭਾਰਤ ਵਿੱਚ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਅਤੇ ਖੋਜ-ਅਧਾਰਿਤ ਹੱਲ ਲੱਭਣ ਲਈ ਕੌਮੀ ਮੰਚ ਪ੍ਰਦਾਨ ਕਰਨਾ ਸੀ। ਉਦਘਾਟਨੀ ਸੈਸ਼ਨ ਵਿੱਚ ਐੱਮ.ਆਰ.ਐੱਸ.ਪੀ.ਟੀ.ਯੂ. ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਆਪਣਾ ਉਦਘਾਟਨੀ ਭਾਸ਼ਣ ਦਿੱਤਾ।
ਕਾਨਫਰੰਸ ਵਿੱਚ ਤਾਨਿਆ ਸੇਨਗੁਪਤਾ (ਐਨਆਈਐਸਡੀ), ਪ੍ਰੋ. ਰਵੀ ਇੰਦਰ ਸਿੰਘ (ਯੂ.ਬੀ.ਐੱਸ., ਪੰਜਾਬ ਯੂਨੀਵਰਸਿਟੀ, ਲੁਧਿਆਣਾ), ਪ੍ਰੋ. ਅੰਜਨਾ ਮੁਨਸ਼ੀ (ਡਾਇਰੈਕਟਰ, ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਸੀ.ਯੂ. ਪੰਜਾਬ), ਡਾ. ਅਭੈ ਜੈਨ (ਸ੍ਰੀ ਰਾਮ ਕਾਲਜ, ਦਿੱਲੀ ਯੂਨੀਵਰਸਿਟੀ, ਸੰਦੂਕਪੁਰ, ਡੀ. ਯੂਨੀਵਰਸਿਟੀ), ਪ੍ਰੋ. ਰਾਜ ਕੁਮਾਰ ਸ਼ਰਮਾ (ਵਿੱਤ ਅਫ਼ਸਰ, ਸੀ.ਯੂ. ਪੰਜਾਬ), ਪ੍ਰੋ. ਬਾਵਾ ਸਿੰਘ (ਡਿਪਾਰਟਮੈਂਟ ਆਫ਼ ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼, ਸੀ.ਯੂ. ਪੰਜਾਬ) ਅਤੇ ਪ੍ਰੋ. ਮੋਨੀਸ਼ਾ ਧੀਮਾਨ (ਡਾਇਰੈਕਟਰ, ਆਈ.ਕਿਊ.ਏ.ਸੀ., ਸੀ.ਯੂ. ਪੰਜਾਬ) ਮਹਿਮਾਨ ਬੁਲਾਰੇ ਸਨ। ਸਮਾਪਤੀ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋ. ਨਵਕਿਰਨਜੀਤ ਕੌਰ ਢਿੱਲੋਂ ਨੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਸ਼ੁਰੂਆਤ ਸੀਯੂ ਪੰਜਾਬ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਪ੍ਰੋ. ਆਨੰਦ ਠਾਕੁਰ ਨੇ ਕਾਨਫਰੰਸ ਦੇ ਥੀਮ ਤੇ ਚਾਨਣਾ ਪਾਇਆ ਅਤੇ ਇਸ ਕਾਨਫਰੰਸ ਵਿੱਚ ਭਾਗ ਲੈ ਰਹੇ 190 ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਹ ਕੌਮੀ ਕਾਨਫਰੰਸ ਬਜ਼ੁਰਗ ਵਿਅਕਤੀਆਂ ਦੀ ਭਲਾਈ, ਇੱਜ਼ਤ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਮਾਵੇਸ਼ੀ ਨੀਤੀਆਂ, ਪਹੁੰਚਯੋਗ ਸਿਹਤ ਸੇਵਾਵਾਂ ਅਤੇ ਮਜ਼ਬੂਤ ਅੰਤਰ-ਪੀੜ੍ਹੀ ਸਬੰਧਾਂ ਦੀ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਸਮਾਪਤ ਹੋ ਗਈ।